ਉਤੱਰ ਪ੍ਰਦੇਸ਼ :- ਪ੍ਰਯਾਗਰਾਜ-ਕੌਸ਼ਾਂਬੀ ਸਰਹੱਦ ਨੇੜੇ ਸੋਮਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੁਹੰਮਦਪੁਰ ਪਿੰਡ ਵਿੱਚ ਸਥਿਤ ਪਟਾਕਾ ਫੈਕਟਰੀ ਅੰਦਰ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਫੈਕਟਰੀ ਦੀ ਪੂਰੀ ਇਮਾਰਤ ਤਬਾਹ ਹੋ ਗਈ। ਇਸ ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
15 ਮਜ਼ਦੂਰ ਕਰ ਰਹੇ ਸਨ ਫੈਕਟਰੀ ’ਚ ਕੰਮ
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ ਸਾਢੇ 12 ਵਜੇ ਵਾਪਰਿਆ। ਜਿਸ ਸਮੇਂ ਧਮਾਕਾ ਹੋਇਆ, ਉਸ ਵੇਲੇ ਫੈਕਟਰੀ ਅੰਦਰ ਲਗਭਗ 15 ਮਜ਼ਦੂਰ ਕੰਮ ਕਰ ਰਹੇ ਸਨ। ਧਮਾਕੇ ਦੀ ਲਪੇਟ ਵਿੱਚ ਨੇੜਲੇ ਘਰ ਵੀ ਆ ਗਏ। ਦੱਸਿਆ ਜਾ ਰਿਹਾ ਹੈ ਕਿ ਕਰੀਬ 50 ਮੀਟਰ ਦੇ ਘੇਰੇ ਵਿੱਚ ਸਥਿਤ 5 ਤੋਂ 7 ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਨ੍ਹਾਂ ਘਰਾਂ ਵਿੱਚ ਰਹਿੰਦੇ ਕੁਝ ਲੋਕ ਵੀ ਜ਼ਖ਼ਮੀ ਹੋਏ ਹਨ।
ਧਮਾਕੇ ਤੋਂ ਬਾਅਦ ਲਗਾਤਾਰ ਹੁੰਦੇ ਰਹੇ ਧਮਾਕੇ
ਫੈਕਟਰੀ ਵਿੱਚ ਹੋਏ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਧੂੰਏਂ ਦਾ ਗੁਬਾਰ ਛਾ ਗਿਆ। ਫੈਕਟਰੀ ਵਿੱਚ ਮੌਜੂਦ ਪਟਾਕਿਆਂ ਕਾਰਨ ਕੁਝ ਸਮੇਂ ਤੱਕ ਛੋਟੇ-ਵੱਡੇ ਧਮਾਕੇ ਹੁੰਦੇ ਰਹੇ, ਜਿਸ ਨਾਲ ਬਚਾਅ ਕਾਰਜ ਵਿੱਚ ਵੀ ਮੁਸ਼ਕਲਾਂ ਆਈਆਂ।
ਏਅਰਫੋਰਸ ਸਟੇਸ਼ਨ ਵੀ ਨੇੜੇ
ਹਾਦਸੇ ਵਾਲੀ ਥਾਂ ਤੋਂ ਮਨੌਰੀ ਸਥਿਤ ਏਅਰਫੋਰਸ ਸਟੇਸ਼ਨ ਦੀ ਦੂਰੀ ਕਰੀਬ 2 ਕਿਲੋਮੀਟਰ ਦੱਸੀ ਜਾ ਰਹੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਨਾਲ ਏਅਰਫੋਰਸ ਦੀਆਂ ਟੀਮਾਂ ਵੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟ ਗਈਆਂ।
ਫਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ
ਕੌਸ਼ਾਂਬੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਮਨੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ ਹੈ। ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ।
ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹੈ
ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਮੌਕੇ ’ਤੇ ਪੁਲਿਸ ਅਤੇ ਹੋਰ ਬਚਾਅ ਟੀਮਾਂ ਦੀ ਮੌਜੂਦਗੀ ਵਿੱਚ ਮਲਬੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ। ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

