ਨਵੀਂ ਦਿੱਲੀ :- ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਬੁੱਧਵਾਰ ਨੂੰ ਇਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕਰਦਿਆਂ ਦੁਨੀਆ ਦਾ ਸਭ ਤੋਂ ਭਾਰੀ ਕਮਿਊਨੀਕੇਸ਼ਨ ਸੈਟੇਲਾਈਟ ਸਫਲਤਾਪੂਰਵਕ ਲਾਂਚ ਕਰ ਦਿੱਤਾ। 6,100 ਕਿਲੋਗ੍ਰਾਮ ਭਾਰ ਵਾਲਾ ਅਮਰੀਕੀ ਸੈਟੇਲਾਈਟ ‘ਬਲੂਬਰਡ ਬਲਾਕ-2’ ਭਾਰਤ ਦੇ ਸਭ ਤੋਂ ਤਾਕਤਵਰ ਅਤੇ ਭਾਰੇ ਰਾਕੇਟ LVM3-M6 ਰਾਹੀਂ ਆਪਣੀ ਨਿਰਧਾਰਤ ਕੱਕਸ਼ਾ ਵਿੱਚ ਪਹੁੰਚਾਇਆ ਗਿਆ।
‘ਬਲੂਬਰਡ ਬਲਾਕ-2’ ਨਾਲ ਮੋਬਾਈਲ ਕੁਨੈਕਟੀਵਿਟੀ ਵਿੱਚ ਕ੍ਰਾਂਤੀ ਦੀ ਉਮੀਦ
ਇਹ ਅਧੁਨਿਕ ਸੈਟੇਲਾਈਟ ਟੈਲੀਕਮ ਖੇਤਰ ਵਿੱਚ ਵੱਡਾ ਬਦਲਾਅ ਲਿਆਉਣ ਵਾਲਾ ਮੰਨਿਆ ਜਾ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨਾਲ ਮੋਬਾਈਲ ਟਾਵਰਾਂ ’ਤੇ ਨਿਰਭਰਤਾ ਘੱਟ ਹੋ ਜਾਵੇਗੀ। ਸੈਟੇਲਾਈਟ ਰਾਹੀਂ ਸਿੱਧਾ ਮੋਬਾਈਲ ਫੋਨਾਂ ਤੱਕ ਨੈੱਟਵਰਕ ਅਤੇ ਇੰਟਰਨੈੱਟ ਸੇਵਾਵਾਂ ਪਹੁੰਚ ਸਕਣਗੀਆਂ, ਜਿਸ ਨਾਲ ਦੁਰਗਮ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਵੀ ਸੰਚਾਰ ਆਸਾਨ ਹੋਵੇਗਾ।
ਪ੍ਰਧਾਨ ਮੰਤਰੀ ਨੇ ਦਿੱਤੀ ਇਸਰੋ ਨੂੰ ਵਧਾਈ
ਇਸ ਮਹੱਤਵਪੂਰਨ ਸਫਲਤਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਕਿ ਭਾਰਤ ਦੀ ਧਰਤੀ ਤੋਂ ਹੁਣ ਤੱਕ ਲਾਂਚ ਕੀਤਾ ਗਿਆ ਇਹ ਸਭ ਤੋਂ ਭਾਰੀ ਉਪਗ੍ਰਹਿ ਹੈ, ਜਿਸਨੂੰ LVM3-M6 ਰਾਕੇਟ ਨੇ ਸਫਲਤਾਪੂਰਵਕ ਆਪਣੀ ਨਿਰਧਾਰਤ ਕੱਕਸ਼ਾ ਵਿੱਚ ਸਥਾਪਿਤ ਕੀਤਾ।
ਭਾਰਤ ਦੀ ਹੈਵੀ-ਲਿਫਟ ਸਮਰੱਥਾ ਹੋਈ ਹੋਰ ਮਜ਼ਬੂਤ
ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ ਕਿ ਇਹ ਉਪਲੱਬਧੀ ਭਾਰਤ ਦੀ ਹੈਵੀ-ਲਿਫਟ ਲਾਂਚਿੰਗ ਸਮਰੱਥਾ ਨੂੰ ਨਵਾਂ ਬਲ ਦੇਵੇਗੀ ਅਤੇ ਵਿਸ਼ਵ ਪੱਧਰੀ ਵਪਾਰਕ ਲਾਂਚ ਮਾਰਕੀਟ ਵਿੱਚ ਦੇਸ਼ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਇਸਨੂੰ ਆਤਮਨਿਰਭਰ ਭਾਰਤ ਦੀ ਦਿਸ਼ਾ ਵੱਲ ਲਗਾਤਾਰ ਵਧਦਾ ਹੋਇਆ ਮਹੱਤਵਪੂਰਨ ਕਦਮ ਕਰਾਰ ਦਿੱਤਾ।
ਪੁਲਾੜ ਵਿਗਿਆਨੀਆਂ ਦੀ ਮਿਹਨਤ ਨੂੰ ਸਲਾਮ
ਪ੍ਰਧਾਨ ਮੰਤਰੀ ਨੇ ਇਸ ਸਫਲ ਮਿਸ਼ਨ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਭਾਰਤ ਅੰਤਰਿਕਸ਼ ਦੀ ਦੁਨੀਆ ਵਿੱਚ ਲਗਾਤਾਰ ਨਵੀਆਂ ਉਚਾਈਆਂ ਛੂਹ ਰਿਹਾ ਹੈ। ਇਹ ਮਿਸ਼ਨ ਭਾਰਤੀ ਪੁਲਾੜ ਯਾਤਰਾ ਦੇ ਇਤਿਹਾਸ ਵਿੱਚ ਇੱਕ ਹੋਰ ਯਾਦਗਾਰ ਅਧਿਆਇ ਵਜੋਂ ਦਰਜ ਕੀਤਾ ਜਾ ਰਿਹਾ ਹੈ।

