ਨਵੀਂ ਦਿੱਲੀ :- ਭਾਰਤ ਅਤੇ ਸ੍ਰੀਲੰਕਾ ਵਿਚਾਲੇ ਗਾਲੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਦੀ ਖੇਡ ਮੀਂਹ ਕਾਰਨ ਰੁਕ ਗਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਨੇ ਦੁਪਹਿਰ ਦੇ ਖਾਣੇ ਤੱਕ ਇਕ ਵਿਕਟ ਗੁਆ ਕੇ 101 ਦੌੜਾਂ ਬਣਾਈਆਂ ਸਨ। ਲੰਚ ਤੋਂ ਬਾਅਦ ਮੀਂਹ ਸ਼ੁਰੂ ਹੋਣ ਕਾਰਨ ਦੂਜੇ ਸੈਸ਼ਨ ਦੀ ਖੇਡ ਸ਼ੁਰੂ ਨਹੀਂ ਹੋ ਸਕੀ।
ਮੀਂਹ ਰੁਕਿਆ, ਕਵਰ ਹਟਾਉਣ ਦਾ ਕੰਮ ਜਾਰੀ
ਤਾਜ਼ਾ ਜਾਣਕਾਰੀ ਮੁਤਾਬਕ ਗਾਲੇ ਵਿੱਚ ਮੀਂਹ ਰੁਕ ਗਿਆ ਹੈ ਅਤੇ ਮੈਦਾਨ ਤੋਂ ਕਵਰ ਹਟਾਏ ਜਾ ਰਹੇ ਹਨ। ਮੈਦਾਨ ਦੀ ਸਥਿਤੀ ਦਾ ਨਿਰੀਖਣ ਕਰਨ ਤੋਂ ਬਾਅਦ ਅੰਪਾਇਰਾਂ ਵੱਲੋਂ ਖੇਡ ਮੁੜ ਸ਼ੁਰੂ ਕਰਨ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਰਾਹੁਲ ਤੇ ਪਡਿੱਕਲ ਨੇ ਸੰਭਾਲੀ ਪਾਰੀ
ਇਸ ਸਮੇਂ ਕੇ.ਐੱਲ. ਰਾਹੁਲ 32 ਅਤੇ ਦੇਵਦੱਤ ਪਡਿੱਕਲ 35 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ। ਦੋਵਾਂ ਨੇ ਭਾਰਤੀ ਪਾਰੀ ਨੂੰ ਸੰਭਾਲਦਿਆਂ ਅਰਧ ਸੈਂਕੜੇ ਦੀ ਸਾਂਝੇਦਾਰੀ ਪੂਰੀ ਕਰ ਲਈ ਹੈ।
ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ 32 ਦੌੜਾਂ ਦੇ ਨਿੱਜੀ ਸਕੋਰ ’ਤੇ ਰਨ ਆਊਟ ਹੋ ਗਏ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।
ਪੰਜੇ ਦਿਨ ਮੀਂਹ ਦੀ ਸੰਭਾਵਨਾ
ਗਾਲੇ ਟੈਸਟ ’ਤੇ ਮੀਂਹ ਦਾ ਖ਼ਤਰਾ ਪੂਰੇ ਮੈਚ ਦੌਰਾਨ ਬਣਿਆ ਰਹਿਣ ਦੀ ਸੰਭਾਵਨਾ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਵੈੱਬਸਾਈਟ ਐਕਿਊਵੈਦਰ ਮੁਤਾਬਕ ਟੈਸਟ ਮੈਚ ਦੇ ਪੰਜੇ ਦਿਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

