ਨਵੀਂ ਦਿੱਲੀ :- ਦਿੱਲੀ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਦੀ ਸਿਹਤ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਹੋਈ ਉੱਚ ਪੱਧਰੀ ਬੈਠਕ ਵਿੱਚ ਦਿੱਲੀ ਦੇ ਸਿਹਤ ਮੰਤਰੀ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਅਤੇ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਬੈਠਕ ਦੌਰਾਨ ਮੌਜੂਦਾ ਹਾਲਾਤ ਅਤੇ ਬਿਮਾਰੀ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।
ਹਸਪਤਾਲਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਬੈਠਕ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਦੀ ਮੌਜੂਦਾ ਸਥਿਤੀ ਦੇ ਨਾਲ-ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਗਈ। ਇਸ ਦੌਰਾਨ ਹਸਪਤਾਲਾਂ ਵਿੱਚ ਉਪਲਬਧ ਬੈੱਡ, ਗੰਭੀਰ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ, ਜਾਂਚ ਦੀ ਸਮਰੱਥਾ ਅਤੇ ਲੋੜੀਂਦੀਆਂ ਦਵਾਈਆਂ ਤੇ ਮੈਡੀਕਲ ਸਾਮਾਨ ਦੀ ਉਪਲਬਧਤਾ ਬਾਰੇ ਵੀ ਚਰਚਾ ਹੋਈ।
ਜੇ.ਪੀ. ਨੱਡਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲਾਂ ਵਿੱਚ ਲੋੜੀਂਦੇ ਪ੍ਰਬੰਧ ਪਹਿਲਾਂ ਤੋਂ ਯਕੀਨੀ ਬਣਾਏ ਜਾਣ, ਤਾਂ ਜੋ ਮਰੀਜ਼ਾਂ ਦੀ ਗਿਣਤੀ ਵਧਣ ਦੀ ਸਥਿਤੀ ਵਿੱਚ ਸਿਹਤ ਪ੍ਰਣਾਲੀ ’ਤੇ ਵਾਧੂ ਦਬਾਅ ਨਾ ਪਵੇ।
ਇੱਕ ਸਾਲ ਵਿੱਚ ਕਈ ਗੁਣਾ ਵਧੇ ਮਾਮਲੇ
ਅੰਕੜਿਆਂ ਮੁਤਾਬਕ ਇਸ ਸਾਲ ਦਿੱਲੀ ਵਿੱਚ ਹੁਣ ਤੱਕ ਫਲੂ ਦੇ 1,349 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੁਕਾਬਲੇ ਪਿਛਲੇ ਸਾਲ ਇਸੇ ਸਮੇਂ ਦੌਰਾਨ 229 ਮਾਮਲੇ ਦਰਜ ਕੀਤੇ ਗਏ ਸਨ। ਮਾਮਲਿਆਂ ਵਿੱਚ ਹੋਏ ਇਸ ਵਾਧੇ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਰੋਕਥਾਮ ਦੇ ਕਦਮਾਂ ’ਤੇ ਵੀ ਹੋਈ ਚਰਚਾ
ਬੈਠਕ ਦੌਰਾਨ ਫਲੂ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਵੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੂੰ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਸਿਹਤ ਸੇਵਾਵਾਂ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ।
ਕੀ ਹੈ H1N1 ਸਵਾਈਨ ਫਲੂ?
ਸਵਾਈਨ ਫਲੂ ਨੂੰ ਆਮ ਤੌਰ ਤੇ H1N1 ਫਲੂ ਕਿਹਾ ਜਾਂਦਾ ਹੈ। ਇਹ ਇਨਫਲੂਐਂਜ਼ਾ-ਏ ਵਾਇਰਸ ਦੀ ਇੱਕ ਕਿਸਮ ਹੈ, ਜੋ ਮੁੱਖ ਤੌਰ ’ਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਸਾਲ 2009 ਵਿੱਚ H1N1 ਦਾ ਦੁਨੀਆ ਦੇ ਕਈ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਫੈਲਾਅ ਹੋਇਆ ਸੀ। ਬਾਅਦ ਵਿੱਚ ਇਹ ਮਨੁੱਖਾਂ ਵਿੱਚ ਫੈਲਣ ਵਾਲੇ ਮੌਸਮੀ ਫਲੂ ਦੇ ਵਾਇਰਸਾਂ ਵਿੱਚ ਸ਼ਾਮਲ ਹੋ ਗਿਆ।
ਆਮ ਤੌਰ ਤੇ ਜ਼ਿਆਦਾਤਰ ਲੋਕ ਫਲੂ ਤੋਂ ਠੀਕ ਹੋ ਜਾਂਦੇ ਹਨ, ਪਰ ਕੁਝ ਲੋਕਾਂ ਵਿੱਚ ਇਸ ਦੇ ਗੰਭੀਰ ਰੂਪ ਧਾਰਨ ਕਰਨ ਦਾ ਖ਼ਤਰਾ ਵੱਧ ਹੁੰਦਾ ਹੈ। ਦਿੱਲੀ ਵਿੱਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

