ਨਵੀਂ ਦਿੱਲੀ :- ਕੇਂਦਰ ਸਰਕਾਰ ਵੱਲੋਂ ਨਵੀਆਂ GST ਦਰਾਂ ਅੱਜ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਹੁਣ ਸਿਰਫ਼ ਦੋ ਸਲੈਬ – 5% ਅਤੇ 18% ਹੀ ਰਹਿ ਗਏ ਹਨ। ਪਹਿਲਾਂ 12% ਅਤੇ 28% ਵਾਲੀਆਂ ਸ਼੍ਰੇਣੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ।
ਕੱਪੜੇ ਤੇ ਜੁੱਤੀਆਂ ਹੋਏ ਸਸਤੇ
2,500 ਰੁਪਏ ਤੱਕ ਦੇ ਕੱਪੜੇ ਅਤੇ ਜੁੱਤੀਆਂ ਹੁਣ ਸਿਰਫ਼ 5% GST ਹੇਠ ਆਉਣਗੇ। ਪਹਿਲਾਂ ਇਹ ਰਾਹਤ ਸਿਰਫ਼ 1,000 ਰੁਪਏ ਤੱਕ ਦੇ ਸਮਾਨ ਲਈ ਸੀ। 2,500 ਰੁਪਏ ਤੋਂ ਵੱਧ ਕੀਮਤ ਵਾਲੀਆਂ ਕਮੀਜ਼ਾਂ, ਸਾੜੀਆਂ ਅਤੇ ਜੀਨਸ ’ਤੇ ਹੁਣ 18% GST ਲੱਗੇਗਾ। ਬਿਸਤਰੇ, ਤੌਲੀਏ, ਧਾਗੇ, ਫੈਬਰਿਕ ਅਤੇ ਕਾਰਪੇਟ ਵਰਗੀਆਂ ਵਸਤੂਆਂ ’ਤੇ ਵੀ ਦਰਾਂ ਘਟਾਕੇ 5% ਕਰ ਦਿੱਤੀਆਂ ਗਈਆਂ ਹਨ।
ਰੋਜ਼ਾਨਾ ਜ਼ਰੂਰੀ ਚੀਜ਼ਾਂ ਵਿੱਚ ਰਾਹਤ
ਕਿਰਾਣੇ ਅਤੇ ਡੇਅਰੀ ਉਤਪਾਦਾਂ ’ਤੇ ਵੱਡਾ ਅਸਰ ਪੈਣ ਵਾਲਾ ਹੈ। ਅਮੂਲ ਨੇ 400 ਤੋਂ ਵੱਧ ਆਈਟਮਾਂ ਜਿਵੇਂ ਮੱਖਣ, ਘਿਓ, ਪਨੀਰ, ਚਾਕਲੇਟ ਅਤੇ ਬੇਕਰੀ ਸਮਾਨ ਦੀਆਂ ਕੀਮਤਾਂ ਘਟਾਈਆਂ ਹਨ। ਪੰਜਾਬ ਵਿੱਚ ਵੇਰਕਾ ਦੁੱਧ, ਮੱਧ ਪ੍ਰਦੇਸ਼ ਵਿੱਚ ਸਾਂਚੀ ਘਿਓ ਤੇ ਕਰਨਾਟਕ ਦੀ ਨੰਦਿਨੀ ਬ੍ਰਾਂਡ ਨੇ ਵੀ ਦਰਾਂ ਵਿੱਚ ਕਮੀ ਦਾ ਐਲਾਨ ਕੀਤਾ ਹੈ। ਪੈਕ ਆਟਾ, ਖਾਣ ਵਾਲੇ ਤੇਲ ਅਤੇ ਸਾਬਣ ਵੀ ਸਸਤੇ ਹੋਣਗੇ।
ਇਲੈਕਟ੍ਰਾਨਿਕ ਸਮਾਨ ਦੀਆਂ ਘਟੀਆਂ ਕੀਮਤਾਂ
ਏਅਰ ਕੰਡੀਸ਼ਨਰ ਅਤੇ ਡਿਸ਼ਵਾਸ਼ਰਾਂ ਦੀਆਂ ਕੀਮਤਾਂ 4,500 ਤੋਂ 8,000 ਰੁਪਏ ਤੱਕ ਘੱਟਣ ਦੀ ਉਮੀਦ ਹੈ। ਟੀਵੀ, ਕੰਪਿਊਟਰ ਮਾਨੀਟਰ ਤੇ ਪ੍ਰੋਜੈਕਟਰ ਹੁਣ 18% ਸਲੈਬ ਹੇਠ ਆਉਣਗੇ। 25,000 ਰੁਪਏ ਤੱਕ ਦੇ ਰੈਫ੍ਰਿਜਰੇਟਰ ਅਤੇ ਸਮਾਰਟਫੋਨ ਵੀ ਘੱਟ ਕੀਮਤ ਵਿੱਚ ਮਿਲਣਗੇ।
ਆਟੋਮੋਬਾਈਲ ਖੇਤਰ ਵਿੱਚ ਵੱਡਾ ਫਾਇਦਾ
ਕਾਰਾਂ ਅਤੇ ਬਾਈਕਾਂ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਕਟੌਤੀ ਹੋਈ ਹੈ। ਮਾਰੂਤੀ ਸੁਜ਼ੂਕੀ ਨੇ ਆਲਟੋ, ਸਵਿਫਟ, ਬਲੇਨੋ ਅਤੇ ਬ੍ਰੇਜ਼ਾ ਮਾਡਲਾਂ ’ਤੇ 1.2 ਲੱਖ ਰੁਪਏ ਤੱਕ ਦੀ ਛੂਟ ਦਾ ਐਲਾਨ ਕੀਤਾ ਹੈ।
ਕੀ ਹੋਇਆ ਮਹਿੰਗਾ ?
ਲਗਜ਼ਰੀ ਅਤੇ ਨਸ਼ੀਲੇ ਪਦਾਰਥਾਂ ’ਤੇ ਵਾਧੂ ਟੈਕਸ ਲਗਾਇਆ ਗਿਆ ਹੈ। ਸਿਗਰੇਟ, ਗੁਟਖਾ, ਪਾਨ ਮਸਾਲਾ ਤੇ ਚਬਾਉਣ ਵਾਲਾ ਤੰਬਾਕੂ ਹੁਣ 40% GST ਹੇਠ ਆਉਣਗੇ। ਮਿੱਠੇ ਤੇ ਏਅਰੇਟਿਡ ਡ੍ਰਿੰਕਸ, ਵੱਡੀਆਂ ਬਾਈਕਾਂ (350cc ਤੋਂ ਉੱਪਰ), ਲਗਜ਼ਰੀ SUV ਤੇ ਆਯਾਤ ਕੀਤੀਆਂ ਕਾਰਾਂ ਮਹਿੰਗੀਆਂ ਹੋਣਗੀਆਂ। ਪ੍ਰੀਮੀਅਮ ਅਲਕੋਹਲ ਅਤੇ ਆਯਾਤੀ ਘੜੀਆਂ ਵੀ ਉੱਚੇ ਸਲੈਬ ਹੇਠ ਆ ਗਈਆਂ ਹਨ।
ਨਵੀਆਂ ਦਰਾਂ ਕਾਰਨ ਰੋਜ਼ਮਰਾ ਦੀਆਂ ਜ਼ਿਆਦਾਤਰ ਚੀਜ਼ਾਂ ਸਸਤੀਆਂ ਹੋਣਗੀਆਂ, ਜਦਕਿ ਲਗਜ਼ਰੀ ਤੇ ਨਸ਼ੀਲਾ ਸਮਾਨ ਹੁਣ ਜੇਬ ’ਤੇ ਵੱਧ ਭਾਰ ਪਾਏਗਾ।