ਅਯੁੱਧਿਆ :- ਰਾਮ ਮੰਦਰ ਨੂੰ ਚੜ੍ਹਾਏ ਗਏ ਚੜ੍ਹਾਵੇ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਭਾਰਤ ਦੇ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਐੱਸ. ਲਕਸ਼ਮੀ ਨਾਰਾਇਣ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਸਰਸਵਤੀ ਵੱਲੋਂ ਅਪ੍ਰੈਲ 2024 ਵਿੱਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਭੇਟ ਕੀਤੀ ਗਈ ਸੋਨੇ ਦੀ ਪਰਤ ਨਾਲ ਸਜੀ ਰਾਮਚਰਿਤਮਾਨਸ ਹੁਣ ਮੰਦਰ ਵਿੱਚ ਨਜ਼ਰ ਨਹੀਂ ਆ ਰਹੀ।
ਕਰੋੜਾਂ ਰੁਪਏ ਮੁੱਲ ਦੀ ਦੱਸੀ ਭੇਟ
ਐੱਸ. ਲਕਸ਼ਮੀ ਨਾਰਾਇਣ ਦੇ ਅਨੁਸਾਰ ਇਸ ਰਾਮਚਰਿਤਮਾਨਸ ਦਾ ਭਾਰ ਕਰੀਬ 147 ਕਿਲੋਗ੍ਰਾਮ ਸੀ ਅਤੇ ਇਸ ਦੀ ਅੰਦਾਜ਼ਨ ਕੀਮਤ 4.5 ਤੋਂ 5 ਕਰੋੜ ਰੁਪਏ ਦੇ ਵਿਚਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਿਰਮਾਣ ਵਿੱਚ ਲਗਭਗ 800 ਗ੍ਰਾਮ ਸੋਨੇ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਭੇਟ ਨੂੰ ਕੁਝ ਸਮੇਂ ਲਈ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰੱਖਿਆ ਗਿਆ, ਪਰ ਬਾਅਦ ਵਿੱਚ ਇਸ ਨੂੰ ਉੱਥੋਂ ਹਟਾ ਦਿੱਤਾ ਗਿਆ।
ਟਰੱਸਟ ਤੋਂ ਜਾਣਕਾਰੀ ਨਾ ਮਿਲਣ ਦਾ ਦਾਅਵਾ
ਸਾਬਕਾ ਗ੍ਰਹਿ ਸਕੱਤਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਟਰੱਸਟ ਕੋਲ ਕਈ ਵਾਰ ਜਾਣਕਾਰੀ ਮੰਗੀ, ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਜਾਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭੇਟ ਸਵੀਕਾਰ ਕਰਨ ਸਮੇਂ ਟਰੱਸਟ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਸੀਦ ਵੀ ਨਹੀਂ ਦਿੱਤੀ ਗਈ।
ਮਾਮਲੇ ਦੀ ਜਾਂਚ ਦੀ ਕੀਤੀ ਮੰਗ
ਐੱਸ. ਲਕਸ਼ਮੀ ਨਾਰਾਇਣ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਭੇਟ ਕੀਤੀ ਗਈ ਰਾਮਚਰਿਤਮਾਨਸ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਉੱਧਰ, ਇਸ ਮਾਮਲੇ ਸਬੰਧੀ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਖ਼ਬਰ ਲਿਖੇ ਜਾਣ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ।

