ਨਵੀਂ ਦਿੱਲੀ :- ਭਾਰਤ ਨੇ ਵਾਤਾਵਰਨ-ਅਨੁਕੂਲ ਰੇਲ ਆਵਾਜਾਈ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਆਪਣੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਉਪਰਾਲੇ ਨਾਲ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ, ਜਿੱਥੇ ਹਾਈਡ੍ਰੋਜਨ ਈਂਧਨ ‘ਤੇ ਆਧਾਰਿਤ ਰੇਲ ਸੇਵਾ ਸ਼ੁਰੂ ਹੋਈ ਹੈ।
ਜੀਂਦ-ਸੋਨੀਪਤ ਰੂਟ ‘ਤੇ ਚੱਲੇਗੀ ਨਵੀਂ ਟ੍ਰੇਨ
ਦਸ ਡੱਬਿਆਂ ਵਾਲੀ ਇਹ ਟ੍ਰੇਨ ਜੀਂਦ ਅਤੇ ਸੋਨੀਪਤ ਦਰਮਿਆਨ ਚੱਲੇਗੀ। ਕਰੀਬ 89 ਕਿਲੋਮੀਟਰ ਦੇ ਸਫ਼ਰ ਦੌਰਾਨ ਇਹ 14 ਸਟੇਸ਼ਨਾਂ ‘ਤੇ ਰੁਕੇਗੀ। ਟ੍ਰੇਨ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਪੂਰਾ ਸਫ਼ਰ ਲਗਭਗ ਦੋ ਘੰਟਿਆਂ ਵਿੱਚ ਤੈਅ ਕੀਤਾ ਜਾਵੇਗਾ। ਯਾਤਰੀਆਂ ਲਈ ਕਿਰਾਇਆ ₹5 ਤੋਂ ₹25 ਤੱਕ ਨਿਰਧਾਰਤ ਕੀਤਾ ਗਿਆ ਹੈ।
ਦੁਨੀਆ ਦੇ ਚੁਣਿੰਦੇ ਦੇਸ਼ਾਂ ਵਿੱਚ ਭਾਰਤ ਸ਼ਾਮਲ
ਹਾਈਡ੍ਰੋਜਨ ਈਂਧਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਹੁਣ ਤੱਕ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿੱਚ ਹੀ ਚੱਲ ਰਹੀਆਂ ਸਨ। ਹੁਣ ਭਾਰਤ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਇਹ ਕਦਮ ਰੇਲਵੇ ਵਿੱਚ ਸਾਫ਼-ਸੁਥਰੀ ਅਤੇ ਵਾਤਾਵਰਨ ਪੱਖੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਵੱਲ ਅਹਿਮ ਮੰਨਿਆ ਜਾ ਰਿਹਾ ਹੈ।
ਨੌਂ ਵਿਕਾਸ ਪ੍ਰੋਜੈਕਟਾਂ ਦੀ ਵੀ ਦਿੱਤੀ ਸੌਗਾਤ
ਹਾਈਡ੍ਰੋਜਨ ਟ੍ਰੇਨ ਨੂੰ ਰਵਾਨਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਂਦ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਹਰਿਆਣਾ ਲਈ ਨੌਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਇੱਕ ਐਲੀਵੇਟਿਡ ਰੇਲਵੇ ਟਰੈਕ ਅਤੇ ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

