ਚੰਡੀਗੜ੍ਹ :- ਦੀਵਾਲੀ ਦੇ ਦਿਨਾਂ ‘ਚ ਰੌਸ਼ਨੀ ਦੇ ਨਾਲ ਜਿਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਓਥੇ ਹੀ ਪਟਾਕਿਆਂ ਦੀ ਉੱਚੀ ਆਵਾਜ਼ ਛੋਟੇ ਬੱਚਿਆਂ ਲਈ ਖ਼ਤਰਾ ਬਣ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਾਜ਼ੁਕ ਉਮਰ ਵਿੱਚ ਦਿਮਾਗੀ ਪ੍ਰਣਾਲੀ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦੀ, ਜਿਸ ਕਾਰਣ ਵੱਧ ਸ਼ੋਰ ਦਾ ਸਿੱਧਾ ਪ੍ਰਭਾਵ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਪੈਂਦਾ ਹੈ।
ਡਰ, ਚਿੰਤਾ ਅਤੇ ਨੀਂਦ ਦੀ ਕਮੀ
ਲਗਾਤਾਰ ਧਮਾਕਿਆਂ ਜਾਂ ਉੱਚੀਆਂ ਆਵਾਜ਼ਾਂ ਨਾਲ ਬੱਚਿਆਂ ਵਿੱਚ ਘਬਰਾਹਟ, ਰੋਣ ਦੀ ਆਦਤ ਵਧ ਜਾਣਾ, ਚਿੜਚਿੜਾਪਣ ਜਾਂ ਰਾਤ ਨੂੰ ਠੀਕ ਤਰ੍ਹਾਂ ਨਾ ਸੋਣਾ ਆਮ ਨਜ਼ਾਰਾ ਬਣ ਜਾਂਦਾ ਹੈ। ਕਈ ਵਾਰ ਬੱਚੇ ਡਰ ਕਰ ਕੇ ਅਚਾਨਕ ਸਹਿਮੇ ਹੋਏ ਦਿਖਾਈ ਦਿੰਦੇ ਹਨ ਜਾਂ ਆਮ ਹਾਲਾਤਾਂ ਤੋਂ ਵੱਖਰੀ ਪ੍ਰਤੀਕਿਰਿਆ ਦਿੰਦੇ ਹਨ।
ਸੁਣਨ ਦੀ ਸਮਰੱਥਾ ‘ਤੇ ਲੰਮੀ ਮਿਆਦ ਵਾਲਾ ਪ੍ਰਭਾਵ
ਮਾਹਿਰ ਚੇਤਾਵਨੀ ਦਿੰਦੇ ਹਨ ਕਿ ਪਟਾਕਿਆਂ ਦਾ ਬੂਹਾ ਸ਼ੋਰ ਕੰਨ ਦੇ ਨਾਜ਼ੁਕ ਅੰਦਰੂਨੀ ਹਿੱਸਿਆਂ ‘ਤੇ ਪ੍ਰਭਾਵ ਛੱਡ ਸਕਦਾ ਹੈ, ਜਿਸ ਨਾਲ ਸੁਣਨ ਦੀ ਸਮਰੱਥਾ ਘਟਣ ਦਾ ਖ਼ਤਰਾ ਵਧ ਜਾਂਦਾ ਹੈ। ਕਈ ਬੱਚੇ ਧੜਕਣ ਤੇਜ਼ ਹੋਣ, ਸਿਰ ਦਰਦ, ਚੱਕਰ ਆਉਣ ਜਾਂ ਕੰਨ ਵਿੱਚ ਦਰਦ ਦੀ ਸ਼ਿਕਾਇਤ ਵੀ ਕਰਦੇ ਹਨ, ਜੋ ਅਗੇ ਚੱਲ ਕੇ ਗੰਭੀਰ ਰੂਪ ਲੈ ਸਕਦੀ ਹੈ।
ਡਾਕਟਰੀ ਰਾਏ
ਏਮਜ਼ ਦਿੱਲੀ ਦੇ ਸਾਬਕਾ ਬਾਲ-ਰੋਗ ਵਿਗਿਆਨੀ ਡਾ. ਰਾਕੇਸ਼ ਬਾਗਦੀ ਦਾ ਕਹਿਣਾ ਹੈ ਕਿ ਜੇ ਬੱਚੇ ਦੇ ਵਿਵਹਾਰ ‘ਚ ਅਚਾਨਕ ਬਦਲਾਅ ਆਏ, ਉਹ ਘਬਰਾਇਆ ਹੋਇਆ ਲੱਗੇ, ਵਾਰ-ਵਾਰ ਰੋਵੇ ਜਾਂ ਉੱਚੇ ਸ਼ੋਰ ਤੋਂ ਬਚਣ ਲਈ ਕੰਨ ਢੱਕ ਲਏ, ਤਾਂ ਇਹ ਸੰਕੇਤ ਹਨ ਕਿ ਉਹ ਸ਼ੋਰ-ਸੰਵੇਦਨਸ਼ੀਲਤਾ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹੀ ਸਥਿਤੀ ‘ਚ ਦੇਰ ਨਾ ਲਗਾਈ ਜਾਵੇ ਅਤੇ ਬੱਚੇ ਨੂੰ ਤੁਰੰਤ ਸ਼ਾਂਤ ਵਾਤਾਵਰਣ ਵਿੱਚ ਰੱਖ ਕੇ ਡਾਕਟਰੀ ਸਲਾਹ ਲਈ ਜਾਵੇ।
ਮਾਪਿਆਂ ਲਈ ਸਾਵਧਾਨੀਆਂ
-
ਬੱਚਿਆਂ ਨੂੰ ਜਿੰਨਾ ਹੋ ਸਕੇ ਪਟਾਕਿਆਂ ਦੇ ਰੌਲੇ ਤੋਂ ਦੂਰ ਰੱਖੋ
-
ਘਰ ਤੋਂ ਬਾਹਰ ਲੈ ਕੇ ਜਦੋਂ ਜਾਵੋ ਤਾਂ ਸ਼ੋਰ ਵਾਲੇ ਇਲਾਕਿਆਂ ਤੋਂ ਬਚੋ
-
ਕੰਨਾਂ ਦੀ ਸੁਰੱਖਿਆ ਲਈ ਹੌਲੇ ਈਅਰਪਲੱਗ ਜਾਂ ਈਅਰਮਫ ਵਰਤੋ
-
ਤਿਉਹਾਰ ਮੌਕੇ ਬੱਚਿਆਂ ਲਈ ਘਰ ਦਾ ਵਾਤਾਵਰਣ ਸ਼ਾਂਤ ਤੇ ਸੁਰੱਖਿਅਤ ਰੱਖੋ
-
ਬੱਚੇ ਨੂੰ ਮਜਬੂਰ ਨਾ ਕਰੋ ਕਿ ਉਹ ਪਟਾਕਿਆਂ ਨਾਲ ਅਨੁਕੂਲ ਹੋਵੇ
-
ਘਬਰਾਹਟ ਜਾਂ ਅਸਧਾਰਨ ਲੱਛਣ ਦਿਖਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ
ਸੁਰੱਖਿਆ ਪਹਿਲਾਂ, ਤਿਉਹਾਰ ਬਾਅਦ ਵਿੱਚ
ਤਿਉਹਾਰ ਦੀ ਖੁਸ਼ੀ ਤਾਂ ਹਰ ਕੋਈ ਮਨਾਉਂਦਾ ਹੈ, ਪਰ ਇਹ ਜ਼ਰੂਰੀ ਹੈ ਕਿ ਖੁਸ਼ੀਆਂ ਦਾ ਮਾਹੌਲ ਬੱਚਿਆਂ ਦੀ ਸਿਹਤ ਲਈ ਨੁਕਸਾਨ ਦਾ ਕਾਰਨ ਨਾ ਬਣੇ। ਥੋੜ੍ਹੀ ਸਾਵਧਾਨੀ ਅਤੇ ਜ਼ਿੰਮੇਵਾਰੀ ਨਾਲ ਦੀਵਾਲੀ ਨੂੰ ਬੱਚਿਆਂ ਲਈ ਵੀ ਖੁਸ਼ਹਾਲ ਅਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ।