ਹਰਿਆਣਾ :- ਹਰਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਆਵਾਜਾਈ ਪ੍ਰਣਾਲੀ ਠੱਪ ਹੋਣ ਕਾਰਨ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੀਆਂ ਤਮਾਮ ਮੰਡੀਆਂ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਦੇ ਭਾਅ ਵਧਣ ਨਾਲ ਮਹਿੰਗਾਈ ਨੇ ਆਮ ਨਾਗਰਿਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਹਨ ਕਿ ਮਟਰ ਅਤੇ ਅਦਰਕ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ, ਜਦਕਿ ਆਮ ਘਰਾਂ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਟਮਾਟਰ ਤੇ ਪਿਆਜ਼ ਦੇ ਰੇਟ ਵੀ ਮਹੀਨੇ ਦੇ ਅੰਦਰ-ਅੰਦਰ ਦੁੱਗਣੇ ਹੋ ਗਏ ਹਨ।
ਮੰਡੀਆਂ ‘ਚ ਆਮਦ ਘਟੀ, ਪ੍ਰਚੂਨ ਰੇਟਾਂ ‘ਚ ਭਾਰੀ ਵਾਧਾ
ਮਾਰਕੀਟ ਕਮੇਟੀ ਦੇ ਆੜ੍ਹਤੀਆਂ ਮੁਤਾਬਕ ਖਰਾਬ ਮੌਸਮ ਕਾਰਨ ਸਬਜ਼ੀਆਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਰਕੇ ਪਹੁੰਚ ਖਰਚਾ ਵਧ ਗਿਆ ਹੈ। ਫਿਲਹਾਲ ਪ੍ਰਚੂਨ ਬਾਜ਼ਾਰ ਵਿੱਚ ਮਟਰ 180 ਤੋਂ 200 ਰੁਪਏ ਅਤੇ ਅਦਰਕ 200 ਤੋਂ 220 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ 30–40 ਰੁਪਏ ਵਿਕਣ ਵਾਲਾ ਟਮਾਟਰ 70 ਤੋਂ 80 ਰੁਪਏ ਅਤੇ 30 ਰੁਪਏ ਵਾਲਾ ਪਿਆਜ਼ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਭਿੰਡੀ, ਬੰਦਗੋਭੀ, ਸ਼ਿਮਲਾ ਮਿਰਚ ਅਤੇ ਕੱਦੂ ਵਰਗੀਆਂ ਹੋਰ ਸਬਜ਼ੀਆਂ ਵੀ 60 ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੀਆਂ ਹਨ।
ਗਾਹਕਾਂ ਨੇ ਖਰੀਦਦਾਰੀ ‘ਚ ਕੀਤੀ ਕਟੌਤੀ, ਦੁਕਾਨਦਾਰ ਵੀ ਪਰੇਸ਼ਾਨ
ਬੇਲਗਾਮ ਹੁੰਦੀ ਮਹਿੰਗਾਈ ਦੇ ਚਲਦਿਆਂ ਖਪਤਕਾਰਾਂ ਨੇ ਆਪਣੀ ਲੋੜ ਅਨੁਸਾਰ ਖਰੀਦਦਾਰੀ ਘਟਾ ਦਿੱਤੀ ਹੈ। ਸਬਜ਼ੀ ਵਿਕਰੇਤਾਵਾਂ ਅਨੁਸਾਰ ਆਮ ਤੌਰ ‘ਤੇ ਹਫ਼ਤੇ ਭਰ ਦੀ ਸਬਜ਼ੀ ਇੱਕੋ ਵਾਰ ਲਿਜਾਣ ਵਾਲੇ ਪਰਿਵਾਰ ਹੁਣ ਮਹਿਜ਼ 250 ਗ੍ਰਾਮ ਜਾਂ ਅੱਧਾ ਕਿਲੋ ਨਾਲ ਹੀ ਗੁਜ਼ਾਰਾ ਕਰਨ ਲਈ ਮਜਬੂਰ ਹਨ। ਘਰੇਲੂ ਖਰਚਿਆਂ ਦਾ ਸੰਤੁਲਨ ਵਿਗੜਨ ਕਾਰਨ ਬਾਜ਼ਾਰ ਵਿੱਚ ਗਾਹਕਾਂ ਦੀ ਰੌਣਕ ਘਟ ਗਈ ਹੈ, ਜਿਸ ਦਾ ਸਿੱਧਾ ਅਸਰ ਛੋਟੇ ਵਪਾਰੀਆਂ ਦੇ ਕਾਰੋਬਾਰ ‘ਤੇ ਵੀ ਪੈ ਰਿਹਾ ਹੈ।

