ਹਰਿਆਣਾ :- ਹਰਿਆਣਾ ਦੇ ਏਡੀਜੀਪੀ ਅਤੇ ਆਈਪੀਐਸ ਅਫ਼ਸਰ ਵਾਈ. ਪੂਰਨ ਕੁਮਾਰ ਦੀ ਮੌਤ ਮਾਮਲੇ ਵਿੱਚ ਵੱਡੀ ਤਰੱਕੀ ਸਾਹਮਣੇ ਆਈ ਹੈ। ਨੌਂ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਪਰਿਵਾਰ ਨੇ ਅਖ਼ਿਰਕਾਰ ਪੋਸਟਮਾਰਟਮ ਲਈ ਸਹਿਮਤੀ ਦੇ ਦਿੱਤੀ ਹੈ। ਬੁੱਧਵਾਰ ਸਵੇਰੇ ਪੀਜੀਆਈ ਚੰਡੀਗੜ੍ਹ ਵਿੱਚ ਵਾਈ. ਪੂਰਨ ਕੁਮਾਰ ਦਾ ਪੋਸਟਮਾਰਟਮ ਕੀਤਾ ਜਾਵੇਗਾ। ਅੰਤਿਮ ਸੰਸਕਾਰ ਸ਼ਾਮ 4 ਵਜੇ ਦੇ ਕਰੀਬ ਹੋਣ ਦੀ ਉਮੀਦ ਹੈ। ਪੋਸਟਮਾਰਟਮ ਪ੍ਰਕਿਰਿਆ ਦੀ ਦੇਖਰੇਖ ਲਈ ਆਈਜੀ ਪੁਸ਼ਪੇਂਦਰ ਸਿੰਘ ਵੀ ਪੀਜੀਆਈ ਪਹੁੰਚ ਚੁੱਕੇ ਹਨ।
ਕਮੇਟੀ ਨੇ ਸਰਕਾਰ ਦੇ ਫੈਸਲੇ ਨੂੰ ਦੱਸਿਆ ਸਹੀ ਕਦਮ
ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ 31 ਮੈਂਬਰੀ ਕਮੇਟੀ ਨੇ ਡੀਜੀਪੀ ਸ਼ਤਰੂਘਨ ਕਪੂਰ ਨੂੰ ਛੁੱਟੀ ’ਤੇ ਭੇਜਣ ਦੇ ਸਰਕਾਰੀ ਫ਼ੈਸਲੇ ’ਤੇ ਸੰਤੁਸ਼ਟੀ ਜਤਾਈ ਹੈ। ਕਮੇਟੀ ਨੇ ਕਿਹਾ ਕਿ ਇਹ ਕਦਮ ਇਨਸਾਫ਼ ਵੱਲ ਇੱਕ ਸਹੀ ਦਿਸ਼ਾ ਹੈ। ਨਾਲ ਹੀ ਉਨ੍ਹਾਂ ਸਾਰੇ ਸੰਗਠਨਾਂ ਨੂੰ ਸ਼ਾਂਤੀ ਤੇ ਸੰਜਮ ਨਾਲ ਆਪਣਾ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਜੋ ਇਸ ਮਾਮਲੇ ਦੇ ਵਿਰੋਧ ਵਿੱਚ ਆਵਾਜ਼ ਉਠਾ ਰਹੇ ਹਨ।
ਰਾਜਪਾਲ ਕੋਲ ਇਨਸਾਫ਼ ਦੀ ਮੰਗ ਲਈ ਸ਼ਾਂਤੀਪੂਰਨ ਮਾਰਚ
ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਦੇ ਹੋਟਲ ਮਾਊਂਟ ਵਿਊ ਤੋਂ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਿਵਾਸ ਤੱਕ ਇੱਕ ਸ਼ਾਂਤਮਈ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਤੋਂ ਬਾਅਦ ਰਾਜਪਾਲ ਨੂੰ ਇਨਸਾਫ਼ ਦੀ ਮੰਗ ਵਾਲਾ ਮੰਗ ਪੱਤਰ ਸੌਂਪਿਆ ਜਾਵੇਗਾ।
ਅਦਾਲਤੀ ਦਖ਼ਲ ਨਾਲ ਟੁੱਟਿਆ ਅੜਿੱਕਾ
ਪਿਛਲੇ ਅੱਠ ਦਿਨਾਂ ਤੋਂ ਪੋਸਟਮਾਰਟਮ ਦੇ ਮਾਮਲੇ ਵਿੱਚ ਅੜਿੱਕਾ ਬਣਿਆ ਹੋਇਆ ਸੀ। ਵਾਈ. ਪੂਰਨ ਕੁਮਾਰ ਦੀ ਪਤਨੀ, ਆਈਏਐਸ ਅਧਿਕਾਰੀ ਅਮਨੀਤ ਕੌਰ ਅਤੇ ਉਨ੍ਹਾਂ ਦੀਆਂ ਦੋ ਧੀਆਂ ਇਸ ਗੱਲ ’ਤੇ ਅੜੀਆਂ ਸਨ ਕਿ ਐਫਆਈਆਰ ਵਿੱਚ ਸਾਬਕਾ ਡੀਜੀਪੀ ਅਤੇ ਰੋਹਤਕ ਦੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਜਾਵੇ। ਮੰਗਲਵਾਰ ਸ਼ਾਮ ਚੰਡੀਗੜ੍ਹ ਪੁਲਿਸ ਨੇ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ ਅਤੇ ਬੇਨਤੀ ਕੀਤੀ ਕਿ ਅਦਾਲਤ ਪਰਿਵਾਰ ਨੂੰ ਪੋਸਟਮਾਰਟਮ ਲਈ ਸਹਿਮਤ ਹੋਣ ਦੇ ਹੁਕਮ ਜਾਰੀ ਕਰੇ।
ਲੈਪਟਾਪ ਜਾਂਚ ਲਈ ਪੁਲਿਸ ਨੂੰ ਸੌਂਪਣ ਦੀ ਮੰਗ
ਚੰਡੀਗੜ੍ਹ ਪੁਲਿਸ ਵੱਲੋਂ ਪਰਿਵਾਰ ਨੂੰ ਵਾਰ-ਵਾਰ ਬੇਨਤੀ ਕੀਤੀ ਗਈ ਕਿ ਪੂਰਨ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਮੌਤ ਦੇ ਅਸਲੀ ਕਾਰਣ ਦਾ ਪਤਾ ਲੱਗ ਸਕੇ। ਪੁਲਿਸ ਨੇ ਅਦਾਲਤ ਤੋਂ ਇਹ ਵੀ ਮੰਗ ਕੀਤੀ ਹੈ ਕਿ ਮ੍ਰਿਤਕ ਦਾ ਲੈਪਟਾਪ ਜਾਂਚ ਲਈ ਸੌਂਪਣ ਦੇ ਨਿਰਦੇਸ਼ ਦਿੱਤੇ ਜਾਣ। ਮੰਨਿਆ ਜਾ ਰਿਹਾ ਹੈ ਕਿ ਪੂਰਨ ਕੁਮਾਰ ਨੇ ਆਪਣਾ ਆਖਰੀ ਨੋਟ ਇਸੀ ਲੈਪਟਾਪ ’ਤੇ ਲਿਖਿਆ ਸੀ।