ਚੰਡੀਗੜ੍ਹ: ਪੰਜਾਬ ਰਾਜ ਖੁਰਾਕ ਕਮਿਸ਼ਨ (ਪੀਐੱਸਐੱਫਸੀ) ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੱਧ ਪ੍ਰਦੇਸ਼ ਫੂਡ ਕਮਿਸ਼ਨ ਵੱਲੋਂ ਭੋਪਾਲ ਵਿਖੇ ਆਯੋਜਿਤ 2-ਦਿਨਾ ਰਾਸ਼ਟਰੀ ਕਾਨਫਰੰਸ ‘ਐੱਨਐੱਫਐੱਸਏ-2013: ਪ੍ਰਗਤੀ, ਚੁਣੌਤੀਆਂ ਅਤੇ ਅੱਗੇ ਦਾ ਰਸਤਾ’ ਵਿੱਚ ਕਮਿਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ।
ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਸਿਹਤ, ਖੁਰਾਕ ਤੇ ਸਿਵਲ ਸਪਲਾਈ, ਸਮਾਜਿਕ ਸੁਰੱਖਿਆ ਅਤੇ ਸਿੱਖਿਆ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਜ਼ਰੂਰੀ ਹੈ ਤਾਂ ਜੋ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚ ਸਕੇ।
ਚੇਅਰਮੈਨ ਨੇ ਦੱਸਿਆ ਕਿ ਪੀਐੱਸਐੱਫਸੀ ਵੱਲੋਂ ਅਪ੍ਰੈਲ 2025 ਵਿੱਚ ਪੋਸ਼ਣ ਸੁਰੱਖਿਆ ’ਤੇ ਇੱਕ ਉੱਚ ਪੱਧਰੀ ਵਰਕਸ਼ਾਪ ਕਰਵਾਈ ਗਈ ਸੀ। ਇਸ ਵਿੱਚ ਖੇਤੀਬਾੜੀ, ਜੰਗਲਾਤ ਅਤੇ ਆਯੁਰਵੇਦ ਸਮੇਤ ਵੱਖ-ਵੱਖ ਖੇਤਰਾਂ ਦੇ 39 ਮਾਹਿਰਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦੀ ਪ੍ਰਧਾਨਗੀ ਸਾਬਕਾ ਕੇਂਦਰੀ ਖੁਰਾਕ ਸਕੱਤਰ ਬੀ.ਸੀ. ਗੁਪਤਾ ਨੇ ਕੀਤੀ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਐੱਨਐੱਫਐੱਸਏ-2013 ਲਾਗੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸਕੂਲਾਂ ਅਤੇ ਆਂਗਨਵਾੜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਪੀਐੱਸਐੱਫਸੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਮਈ 2025 ਵਿੱਚ ਸਕੂਲਾਂ ਨੂੰ ਨਿਊਟ੍ਰੀਸ਼ਨ ਗਾਰਡਨ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਹ ਗਾਰਡਨ ਪੀਏਯੂ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੇ ਡਿਜ਼ਾਈਨ ਅਨੁਸਾਰ ਬਣਾਏ ਜਾ ਰਹੇ ਹਨ। ਹਰੇਕ ਗਾਰਡਨ ਵਿੱਚ 21 ਕਿਸਮਾਂ ਦੇ ਫਲਦਾਰ ਪੌਦਿਆਂ ਦੇ ਨਾਲ-ਨਾਲ ਜੜੀ-ਬੂਟੀਆਂ ਅਤੇ ਸਬਜ਼ੀਆਂ ਦੇ ਬਾਗ ਵੀ ਹੋਣਗੇ।
ਇਸੇ ਤਰ੍ਹਾਂ 1000 ਵਰਗ ਫੁੱਟ ਜਾਂ ਵੱਧ ਖੇਤਰ ਵਾਲੀਆਂ ਆਂਗਨਵਾੜੀਆਂ ਵਿੱਚ ਪੋਸ਼ਣ ਵਾਟਿਕਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਮਾਡਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਕਮਿਸ਼ਨ ਦੇ 4 ਮੈਂਬਰਾਂ ਨੂੰ ਹਰੇਕ ਨੂੰ 6 ਜ਼ਿਲ੍ਹੇ ਸੌਂਪੇ ਗਏ ਹਨ ਅਤੇ ਉਨ੍ਹਾਂ ਨੂੰ ਹਰ ਜ਼ਿਲ੍ਹੇ ਵਿੱਚ ਇੱਕ ਸਕੂਲ ਗੋਦ ਲੈ ਕੇ ਮਾਡਲ ਗਾਰਡਨ ਵਿਕਸਿਤ ਕਰਨ ਲਈ ਕਿਹਾ ਗਿਆ ਹੈ। ਕਮਿਸ਼ਨ ਐੱਨਆਰਆਈਆਂ ਤੋਂ ਸੀਐੱਸਆਰ ਰਾਹੀਂ ਸਕੂਲਾਂ ਵਿੱਚ ਸਟੀਲ ਦੇ ਵਾਸ਼ਬੇਸਨ ਅਤੇ ਡੈਸਕ ਲਗਵਾਉਣ ਲਈ ਵੀ ਸਹਿਯੋਗ ਮੰਗ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੀਐੱਸਐੱਫਸੀ ਸਕੂਲੀ ਬੱਚਿਆਂ ਲਈ ਦੰਦਾਂ ਅਤੇ ਆਮ ਸਿਹਤ ਸੰਭਾਲ ’ਤੇ ਵੀ ਧਿਆਨ ਦੇ ਰਿਹਾ ਹੈ। ਮਿਡ-ਡੇਅ ਮੀਲ ਦੇ ਰਸੋਈਏ ਅਤੇ ਸਹਾਇਕਾਂ ਨੂੰ ਸਫਾਈ, ਸਿਹਤ ਅਤੇ ਪੋਸ਼ਣ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਪੌਸ਼ਟਿਕ ਖਾਣੇ ਪ੍ਰਤੀ ਜਾਗਰੂਕ ਕਰਨ ਲਈ ‘ਈਟ ਰਾਈਟ ਮੇਲੇ’ ਵੀ ਲਗਾਏ ਜਾ ਰਹੇ ਹਨ। ਇਸ ਮੌਕੇ ਬਾਲ ਮੁਕੰਦ ਸ਼ਰਮਾ ਨੇ ਨੀਤੀ ਆਯੋਗ ਦੇ ਸਾਬਕਾ ਮੈਂਬਰ ਡਾ. ਰਮੇਸ਼ ਚੰਦ ਨੂੰ ਪੰਜਾਬ ਰਾਜ ਖੁਰਾਕ ਕਮਿਸ਼ਨ ਦੀਆਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਸਬੰਧੀ ਕੌਫੀ ਟੇਬਲ ਬੁੱਕ ਭੇਟ ਕੀਤੀ। ਇਸ ਮੌਕੇ ਮੱਧ ਪ੍ਰਦੇਸ਼ ਫੂਡ ਕਮਿਸ਼ਨ ਦੇ ਚੇਅਰਮੈਨ ਪ੍ਰੋ. ਵੀ.ਕੇ. ਮਲਹੋਤਰਾ ਵੀ ਮੌਜੂਦ ਸਨ।

