Homeਸਰਕਾਰੀ ਖ਼ਬਰਾਂਪੰਜਾਬ ਸਰਕਾਰਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇਜ਼

ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇਜ਼

WhatsApp Group Join Now
WhatsApp Channel Join Now

ਸੰਗਠਿਤ ਸਾਈਬਰ ਧੋਖਾਧੜੀ ਨੈੱਟਵਰਕਾਂ ਦਾ ਕੀਤਾ ਪਰਦਾਫਾਸ਼, ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਆਪਣਾ ਸਾਈਬਰ ਡਿਫੈਂਸ ਨੈੱਟਵਰਕ ਮਜ਼ਬੂਤ ਕਰਕੇ ਸਾਈਬਰ ਅਪਰਾਧ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਾਕਤ ਨੂੰ ਹੋਰ ਵਧਾਇਆ ਹੈ। ਪਿਛਲੇ ਦੋ ਸਾਲਾਂ ਤੋਂ ਹਰੇਕ ਜ਼ਿਲ੍ਹਾ ਅਤੇ ਪੁਲਿਸ ਕਮਿਸ਼ਨਰੇਟ ਵਿੱਚ ਵਿਸ਼ੇਸ਼ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਹੋਣ ਨਾਲ ਫੋਰਸ ਨੇ ਆਨਲਾਈਨ ਧੋਖਾਧੜੀ ਅਤੇ ਸਾਈਬਰ ਅਪਰਾਧੀਆਂ ਵਿਰੁੱਧ ਕਾਰਵਾਈ ਕਰਕੇ ਪਿਛਲੇ ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ ਕੀਤੀਆਂ ਹਨ।

ਲਗਭਗ ਇੱਕ ਸਾਲ ਵਿੱਚ ਪੰਜਾਬ ਪੁਲਿਸ ਅਤੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ 29 ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਵਿੱਚ 956 ਐਫਆਈਆਰ ਦਰਜ ਕੀਤੀਆਂ ਅਤੇ ਵੱਖ-ਵੱਖ ਸਾਈਬਰ ਧੋਖਾਧੜੀ ਮਾਮਲਿਆਂ ਵਿੱਚ 729 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਗੁਆਉਣ ਤੋਂ ਬਚਾਇਆ ਗਿਆ ਹੈ।

ਪੰਜਾਬ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਚਾਰ ਸਾਲਾਂ ਵਿੱਚ ਸਾਈਬਰ ਅਪਰਾਧ ਵਿਰੁੱਧ ਲੜਾਈ ਅਤੇ ਬੇਗੁਨਾਹ ਨਾਗਰਿਕਾਂ ਦੀ ਰਾਖੀ ਵਿੱਚ ਬਹੁਤ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ। ਸਖ਼ਤੀ ਨਾਲ ਲਾਗੂਕਰਨ ਦੇ ਨਾਲ-ਨਾਲ ਪੰਜਾਬ ਪੁਲਿਸ ਨੇ ਰੋਕਥਾਮ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਹੈ ਅਤੇ ਸੂਬੇ ਭਰ ਵਿੱਚ ਲਗਭਗ 657 ਨਾਗਰਿਕ ਜਾਗਰੂਕਤਾ ਪ੍ਰੋਗਰਾਮ ਚਲਾਏ ਹਨ ਤਾਂ ਜੋ ਲੋਕਾਂ ਨੂੰ ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਤੁਰੰਤ 1930 ਉੱਤੇ ਫੋਨ ਕਰਕੇ ਘਟਨਾ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਾਈਬਰ ਅਪਰਾਧ ਤੋਂ ਜਨਤਾ ਦੀ ਰਾਖੀ ਲਈ ਮਜ਼ਬੂਤ ਐਨਫੋਰਸਮੈਂਟ ਅਤੇ ਲੋਕ ਜਾਗਰੂਕਤਾ ਰਾਹੀਂ ਆਪਣੀ ਵਚਨਬੱਧਤਾ ਜਾਰੀ ਰੱਖੇਗੀ। ਮਈ 2025 ਤੋਂ ਹੁਣ ਤੱਕ ਸਪੈਸ਼ਲ ਡੀਜੀਪੀ ਵੀ. ਨੀਰਜਾ ਦੀ ਅਗਵਾਈ ਵਾਲੀ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਉੱਚ ਪੱਧਰੀ ਅਤੇ ਤਕਨੀਕ ਅਧਾਰਿਤ ਸਾਈਬਰ ਅਪਰਾਧ ਮਾਮਲਿਆਂ ਵਿੱਚ 57 ਐਫਆਈਆਰ ਦਰਜ ਕੀਤੀਆਂ ਅਤੇ 56 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਦੌਰਾਨ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਸੁਪਰੀਟੈਂਡੇਂਟ ਆਫ ਪੁਲਿਸ ਤਹਿਤ ਸਥਾਪਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ (ਸੀਸੀਪੀਐੱਸ) ਨੇ ਸੂਬੇ ਭਰ ਵਿੱਚ ਵੱਖ-ਵੱਖ ਸਾਈਬਰ ਧੋਖਾਧੜੀ ਮਾਮਲਿਆਂ ਵਿੱਚ 673 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਮਲੇਰਕੋਟਲਾ ਸੀਸੀਪੀਐੱਸ ਨੇ 41 ਮਾਮਲਿਆਂ ਵਿੱਚ 32 ਮੁਲਜ਼ਮ ਗ੍ਰਿਫ਼ਤਾਰ ਕੀਤੇ; ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ 86 ਮਾਮਲਿਆਂ ਵਿੱਚ 181 ਗ੍ਰਿਫ਼ਤਾਰੀਆਂ ਕੀਤੀਆਂ; ਐੱਸਏਐੱਸ ਨਗਰ ਸੀਸੀਪੀਐੱਸ ਨੇ 52 ਮਾਮਲਿਆਂ ਵਿੱਚ 57 ਮੁਲਜ਼ਮ ਗ੍ਰਿਫ਼ਤਾਰ ਕੀਤੇ; ਖੰਨਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ 31 ਐਫਆਈਆਰ ਵਿੱਚ 74 ਮੁਲਜ਼ਮ ਗ੍ਰਿਫ਼ਤਾਰ ਕੀਤੇ; ਪਠਾਨਕੋਟ ਸੀਸੀਪੀਐੱਸ ਨੇ 44 ਮਾਮਲਿਆਂ ਵਿੱਚ 23 ਗ੍ਰਿਫ਼ਤਾਰੀਆਂ ਕੀਤੀਆਂ; ਪਟਿਆਲਾ ਸੀਸੀਪੀਐੱਸ ਨੇ ਲਗਭਗ 40 ਗ੍ਰਿਫ਼ਤਾਰੀਆਂ ਅਤੇ 74 ਐਫਆਈਆਰ ਦਰਜ ਕੀਤੀਆਂ; ਅਤੇ ਕਪੂਰਥਲਾ ਸੀਸੀਪੀਐੱਸ ਨੇ 26 ਐਫਆਈਆਰ ਦਰਜ ਕਰਕੇ 47 ਮੁਲਜ਼ਮ ਗ੍ਰਿਫ਼ਤਾਰ ਕੀਤੇ।

ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸੰਗਠਿਤ ਸਾਈਬਰ ਅਪਰਾਧ ਨੈੱਟਵਰਕਾਂ ਦਾ ਭੰਡਾਫੋੜ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਇਸ ਨੇ ਕੰਬੋਡੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸਕੈਮ ਕੰਪਾਊਂਡਾਂ ਵਿੱਚੋਂ ਬਚਾਏ ਗਏ ਲੋਕਾਂ ਨਾਲ ਜੁੜੇ ਸਾਈਬਰ ਸਬੰਧੀ ਮਾਮਲਿਆਂ ਦੀ ਜਾਂਚ ਕੀਤੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਪੀੜਤਾਂ ਨੂੰ ਵੱਖ-ਵੱਖ ਰਾਜਾਂ ਵਿੱਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ, ਪਲੇਸਮੈਂਟ ਕੰਸਲਟੈਂਟਾਂ, ਭਰਤੀ ਵਿਚੋਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਦੇਸ਼ ਭੇਜਿਆ ਗਿਆ ਸੀ ਅਤੇ ਇਸ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਇੱਕ ਹੋਰ ਵੱਡੀ ਕਾਰਵਾਈ ਵਿੱਚ ਮਿਊਲ ਖਾਤਿਆਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦਿਆਂ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਆਨਲਾਈਨ ਵਿੱਤੀ ਧੋਖਾਧੜੀ ਵਿੱਚ ਵਰਤੇ ਜਾਣ ਵਾਲੇ ਬੈਂਕ ਖਾਤਿਆਂ ਨੂੰ ਖੋਲ੍ਹਣ ਅਤੇ ਉਪਲੱਬਧ ਕਰਵਾਉਣ ਵਿੱਚ ਸਹਾਇਤਾ ਕਰਦੇ ਸਨ। ਪੁਲਿਸ ਨੇ 23 ਏਟੀਐੱਮ ਕਾਰਡ, ਦੋ ਲੈਪਟਾਪ, 7 ਮੋਬਾਈਲ ਫੋਨ, 5 ਸਿਮ ਕਾਰਡ, ਬਣਾਵਟੀ ਬੈਂਕ ਅਤੇ ਕੇਵਾਈਸੀ ਦਸਤਾਵੇਜ਼ ਸਮੇਤ 14 ਚੈੱਕ ਬੁੱਕਾਂ ਅਤੇ ਉਦਯਮ ਸਰਟੀਫਿਕੇਟ, 6 ਮੋਹਰਾਂ, 5,100 ਯੂਐੱਸਡੀਟੀ ਦੀ ਕ੍ਰਿਪਟੋਕਰੰਸੀ ਅਤੇ ਬੈਂਕ ਖਾਤਿਆਂ ਵਿੱਚ ਪਈ 20 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ। ਮਈ 2025 ਤੋਂ ਲੈ ਕੇ ਹੁਣ ਤੱਕ ਸੂਬੇ ਭਰ ਦੀਆਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਨੇ ਵੀ 9 ਐਫਆਈਆਰ ਦਰਜ ਕਰਕੇ 5 ਮਿਊਲ ਖਾਤਿਆਂ ਦੇ ਮੋਡਿਊਲਾਂ ਦਾ ਭੰਡਾਫੋੜ ਕੀਤਾ ਹੈ।

ਕਪੂਰਥਲਾ ਵਿੱਚ ਪੁਲਿਸ ਨੇ ਇੱਕ ਧੋਖਾਧੜੀ ਵਾਲੇ ਕਾਲ ਸੈਂਟਰ ਦਾ ਵੀ ਪਤਾ ਲਗਾਇਆ, ਜਿਸ ਵਿੱਚ ਮੁਲਜ਼ਮਾਂ ਨੇ ਅਮਰੀਕਾ ਅਤੇ ਕੈਨੇਡਾ ਦੇ ਰਿਹਾਇਸ਼ੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਨੂੰ ਬਿਟਕਾਇਨ (ਬੀਟੀਸੀ) ਅਤੇ ਹਵਾਲਾ ਚੈਨਲਾਂ ਰਾਹੀਂ ਪੈਸਾ ਟ੍ਰਾਂਸਫਰ ਕਰਨ ਲਈ ਉਕਸਾਇਆ ਸੀ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle