Homeਸਰਕਾਰੀ ਖ਼ਬਰਾਂਪੰਜਾਬ ਸਰਕਾਰਪੁਲਿਸ ਯਾਦਗਾਰੀ ਦਿਵਸ ਪੀ.ਏ.ਪੀ. ਹੈੱਡਕੁਆਰਟਰ ਵਿਖੇ ਮਨਾਇਆ ਗਿਆ; ਡੀਜੀਪੀ ਗੌਰਵ ਯਾਦਵ ਵੱਲੋਂ...

ਪੁਲਿਸ ਯਾਦਗਾਰੀ ਦਿਵਸ ਪੀ.ਏ.ਪੀ. ਹੈੱਡਕੁਆਰਟਰ ਵਿਖੇ ਮਨਾਇਆ ਗਿਆ; ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

WhatsApp Group Join Now
WhatsApp Channel Join Now

ਚੰਡੀਗੜ੍ਹ/ਜਲੰਧਰ: ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਕਰਮਚਾਰੀਆਂ ਨੂੰ ਸਤਿਕਾਰ ਭੇਂਟ ਕਰਨ ਲਈ ਅੱਜ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਹੈੱਡਕੁਆਰਟਰ, ਜਲੰਧਰ ਵਿਖੇ 67ਵਾਂ ਸੂਬਾ ਪੱਧਰੀ ਪੁਲਿਸ ਯਾਦਗਾਰੀ ਦਿਵਸ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਰਧਾਂਜਲੀ ਸਮਾਗਮ ਦੀ ਅਗਵਾਈ ਕੀਤੀ ਅਤੇ ਪੁਲਿਸ ਸ਼ਹੀਦ ਸਮਾਰਕ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਪ੍ਰਵੀਨ ਕੁਮਾਰ ਸਿਨਹਾ ਅਤੇ ਏਡੀਜੀਪੀ ਪੀਏਪੀ ਐੱਮ.ਐੱਫ. ਫਾਰੂਕੀ ਵੀ ਮੌਜੂਦ ਸਨ।

ਪੰਜਾਬ ਪੁਲਿਸ, ਜਿਸ ਨੇ ਜੰਗ, ਸ਼ਾਂਤੀ ਅਤੇ ਸੰਘਰਸ਼ਾਂ ਦੌਰਾਨ ਬੇਮਿਸਾਲ ਬਹਾਦਰੀ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਨੂੰ ਬੇਮਿਸਾਲ ਅਤੇ ਮਹਾਨ ਬਲ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਸਤੰਬਰ 1981 ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਦੇ 1,804 ਬਹਾਦਰ ਜਵਾਨਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਇਨ੍ਹਾਂ ਵਿੱਚ ਇਸ ਸਾਲ ਸ਼ਹੀਦ ਹੋਏ ਦੋ ਬਹਾਦਰ ਵੀ ਸ਼ਾਮਲ ਹਨ।

ਇਕੱਠ ਨੂੰ ਸੰਬੋਧਨ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਇਨ੍ਹਾਂ ਬਹਾਦਰ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਸ਼ਾਂਤੀਪੂਰਨ ਮਾਹੌਲ ਵਿੱਚ ਸਾਹ ਲੈ ਰਹੇ ਹਾਂ। ਪੰਜਾਬ ਪੁਲਿਸ ਕੋਲ ਬਹਾਦਰੀ, ਨਿਰਸਵਾਰਥ ਸੇਵਾ ਅਤੇ ਅੱਤਵਾਦ ਨੂੰ ਜੜ੍ਹੋਂ ਖਤਮ ਕਰਨ ਦੇ ਦ੍ਰਿੜ ਸੰਕਲਪ ਦੀ ਇੱਕ ਸ਼ਾਨਦਾਰ ਵਿਰਾਸਤ ਹੈ। ਇਹ ਬਲ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਅਤੇ ਇਸ ਸਰਹੱਦੀ ਸੂਬੇ ਵਿੱਚ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

ਪੀਏਪੀ ਕੰਪਲੈਕਸ ‘ਚ ਸਥਿਤ ਸ਼ਹੀਦ ਸਮਾਰਕ ਵਿਖੇ ਇੱਕ ਰਸਮੀ ਪਰੇਡ ਕਰਵਾਈ ਗਈ, ਜਿੱਥੇ ਕਮਾਂਡੈਂਟ ਵੱਲੋਂ ਪਿਛਲੇ ਸਾਲ ਦੌਰਾਨ ਸ਼ਹੀਦ ਹੋਏ ਸਾਰੇ ਜਵਾਨਾਂ ਦੇ ਨਾਮ ਪੜ੍ਹੇ ਗਏ। ਸਮਾਗਮ ਦੀ ਸਮਾਪਤੀ ਦੋ ਮਿੰਟ ਦਾ ਮੌਨ ਰੱਖ ਕੇ ਅਤੇ ਸ਼ਹੀਦਾਂ ਦੇ ਸਨਮਾਨ ਵਿੱਚ ਉੱਚ ਅਧਿਕਾਰੀਆਂ ਵੱਲੋਂ ਫੁੱਲ-ਮਾਲਾਵਾਂ ਭੇਟ ਕਰਕੇ ਕੀਤੀ ਗਈ।

ਸਮਾਗਮ ਮੌਕੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਫੈਸਲਾਕੁੰਨ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ 16 ਮਾਰਚ, 2022 ਤੋਂ ਲੈ ਕੇ ਹੁਣ ਤੱਕ ਐੱਨ.ਡੀ.ਪੀ.ਐੱਸ. ਐਕਟ ਤਹਿਤ 95,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ 1,27,000 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ 7,260 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ।

ਨਾਰਕੋ ਤਸਕਰੀ ਬਾਰੇ ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ 902 ਕਰੋੜ ਰੁਪਏ ਦੀਆਂ ਜਾਇਦਾਦ ਫ਼੍ਰੀਜ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਲਤਾਂ ਵਿੱਚ ਦੋਸ਼ ਸਿੱਧ ਕਰਨ ਦੀ ਦਰ 90 ਫ਼ੀਸਦ ਰਹੀ ਹੈ।

ਇਸ ਤੋਂ ਇਲਾਵਾ, ਅਪ੍ਰੈਲ 2022 ਵਿੱਚ ਸ਼ੁਰੂ ਕੀਤੇ ਗਏ ਲਗਾਤਾਰ ਗੈਂਗਸਟਰ-ਵਿਰੋਧੀ ਅਭਿਆਨਾਂ ਰਾਹੀਂ 1,288 ਸੰਗਠਿਤ ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ 3,300 ਤੋਂ ਵੱਧ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਵੀਆਂ ਰਣਨੀਤਕ ਰੂਪ-ਰੇਖਾਵਾਂ ਬਾਰੇ ਦੱਸਦਿਆਂ ਡੀਜੀਪੀ ਨੇ ਦੱਸਿਆ ਕਿ ਇਹ ਮੁਹਿੰਮ ਹੁਣ ਤੀਬਰ 60 ਦਿਨਾਂ ਮਿਸ਼ਨ ਮੋਡ ਵਿੱਚ ਤਬਦੀਲ ਹੋ ਚੁੱਕੀ ਹੈ, ਜਿਸ ਵਿੱਚ ਸਾਰੇ ਨਿਸ਼ਾਨਬੱਧ ਨਸ਼ਾ ਪ੍ਰਭਾਵਿਤ ਖੇਤਰਾਂ ‘ਤੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਗਜ਼ਟਿਡ ਅਧਿਕਾਰੀਆਂ ਵੱਲੋਂ ਸਾਂਝੇ ਤੌਰ ‘ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਬਹੁ-ਪੱਖੀ ਪਹੁੰਚ ਦਾ ਮੁੱਖ ਉਦੇਸ਼ ਭਾਈਚਾਰਕ ਸ਼ਮੂਲੀਅਤ ਅਤੇ ਨੌਜਵਾਨਾਂ ਲਈ ਖੇਡ ਦੇ ਮੈਦਾਨਾਂ ਜ਼ਰੀਏ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਨੂੰ ਸੁਰੱਖਿਅਤ ਕਰਨਾ ਹੈ।

ਸਰਕਾਰ ਦੀ ਸਮੁੱਚੀ ਪਹੁੰਚ ਅਤੇ ਭਵਿੱਖੀ ਰਣਨੀਤੀਆਂ ਬਾਰੇ ਡੀਜੀਪੀ ਨੇ ਦੱਸਿਆ ਕਿ ਇਸ ਵਿੱਚ ਵਿੱਤੀ ਨੈੱਟਵਰਕਾਂ ਨੂੰ ਤੋੜਨਾ, ਨਸ਼ਾ ਪ੍ਰਭਾਵਿਤ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ, 1600 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣਾ ਅਤੇ ਸੂਬੇ ਭਰ ਵਿੱਚ ਅਪਰਾਧਿਕ ਗਰੋਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਬਾਉਣ ਲਈ ਸਾਈਬਰ ਸੁਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਨੇ ਹੋਰਨਾਂ ਸੂਬਿਆਂ ਤੋਂ ਸਪਲਾਈ ਕੀਤੀਆਂ ਜਾ ਰਹੀਆਂ ਨਸ਼ੀਲੀਆਂ ਦਵਾਈਆਂ ਦੇ ਗੰਭੀਰ ਮੁੱਦੇ ਨੂੰ ਸਬੰਧਤ ਰਾਜਾਂ ਦੇ ਡੀਜੀਪੀਜ਼ ਕੋਲ ਉਠਾਇਆ ਹੈ ਤਾਂ ਜੋ ਪੰਜਾਬ ਵਿੱਚ ਅਜਿਹੀਆਂ ਪਾਬੰਦੀਸ਼ੁਦਾ ਨਸ਼ਿਆਂ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਣ ਲਈ ਠੋਸ ਯਤਨ ਕੀਤੇ ਜਾ ਸਕਣ।

ਪਰੇਡ ਤੋਂ ਬਾਅਦ, ਡੀ.ਜੀ.ਪੀ. ਗੌਰਵ ਯਾਦਵ ਨੇ ਨਿੱਜੀ ਤੌਰ ‘ਤੇ ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਉਨ੍ਹਾਂ ਦੀ ਭਲਾਈ ਲਈ ਹਮੇਸ਼ਾ ਇੱਕ ਮਜ਼ਬੂਤ ਸਹਾਰਾ ਬਣੇ ਰਹਿਣਗੇ।

ਇਸ ਮੌਕੇ ਮੌਜੂਦ ਪ੍ਰਮੁੱਖ ਸ਼ਖਸੀਅਤਾਂ ਵਿੱਚ ਵਿਸ਼ੇਸ਼ ਡੀ.ਜੀ.ਪੀਜ਼., ਏ.ਡੀ.ਜੀ.ਪੀਜ਼., ਆਈ.ਜੀਜ਼., ਡੀ.ਆਈ.ਜੀਜ਼. ਅਤੇ ਸੂਬੇ ਭਰ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਸਨ।

ਬਾਕਸ: ਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸ
ਪੁਲਿਸ ਯਾਦਗਾਰੀ ਦਿਵਸ ਮਨਾਉਣ ਦੀ ਪਰੰਪਰਾ 21 ਅਕਤੂਬਰ 1959 ਤੋਂ ਸ਼ੁਰੂ ਹੋਈ ਸੀ, ਜਦੋਂ ਲੱਦਾਖ ਦੇ ਹੌਟ ਸਪ੍ਰਿੰਗਜ਼ ਵਿਖੇ ਸਬ-ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਵਿੱਚ ਸੀ.ਆਰ.ਪੀ.ਐੱਫ. ਦੀ ਇੱਕ ਗਸ਼ਤ ਪਾਰਟੀ ‘ਤੇ ਚੀਨੀ ਫ਼ੌਜਾਂ ਨੇ ਘਾਤ ਲਗਾ ਕੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਦਸ ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। 16,000 ਫ਼ੁੱਟ ਦੀ ਉਚਾਈ ‘ਤੇ ਅਤੇ ਠੰਢੇ ਮੌਸਮ ਵਿੱਚ ਉਨ੍ਹਾਂ ਨੇ ਬੇਮਿਸਾਲ ਕੁਰਬਾਨੀ ਦਿੱਤੀ। ਉਦੋਂ ਤੋਂ ਲੈ ਕੇ ਹਰ ਸਾਲ 21 ਅਕਤੂਬਰ ਨੂੰ ਦੇਸ਼ ਭਰ ਦੀਆਂ ਸਾਰੀਆਂ ਪੁਲਿਸ ਯੂਨਿਟਾਂ ਵਿੱਚ ਡਿਊਟੀ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਦਿਵਸ ਮਨਾਇਆ ਜਾਂਦਾ ਹੈ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

Encounter News
Encounter News
ਖ਼ਬਰਾਂ ਦੀ ਖਿੜਕੀ
ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle