Homeਸਰਕਾਰੀ ਖ਼ਬਰਾਂਪੰਜਾਬ ਬਣਿਆ ਨਿਵੇਸ਼ ਦਾ ਗਲੋਬਲ ਹਬ: CM ਮਾਨ ਨੇ ਬ੍ਰਿਟੇਨ ਨੂੰ ਨਿਵੇਸ਼...

ਪੰਜਾਬ ਬਣਿਆ ਨਿਵੇਸ਼ ਦਾ ਗਲੋਬਲ ਹਬ: CM ਮਾਨ ਨੇ ਬ੍ਰਿਟੇਨ ਨੂੰ ਨਿਵੇਸ਼ ਕਰਨ ਦਾ ਦਿੱਤਾ ਸੱਦਾ, ਬ੍ਰਿਟੇਨ ਨੇ ਵੀ ਪੰਜਾਬ ਵਿੱਚ ਨਿਵੇਸ਼ ਕਰਨ ਦੀ ਜਤਾਈ ਇੱਛਾ

WhatsApp Group Join Now
WhatsApp Channel Join Now

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਪੰਜਾਬ-ਯੂ.ਕੇ. ਰਣਨੀਤਿਕ ਗੱਲਬਾਤ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਬਰਤਾਨੀਆ ਨਾਲ ਵਿਸ਼ੇਸ਼ ਕਰਕੇ ਹੁਣ ਤੱਕ ਅਣਛੋਹੇ ਰਹੇ ਖੇਤਰਾਂ ਵਿੱਚ ਮਜ਼ਬੂਤ ਅਤੇ ਵਿਆਪਕ ਰਣਨੀਤਿਕ ਤੇ ਕਾਰੋਬਾਰੀ ਸਬੰਧਾਂ ‘ਤੇ ਜ਼ੋਰ ਦਿੱਤਾ।

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਅਤੇ ਯੂ.ਕੇ. ਨਾਲ ਸਬੰਧਤ ਵੱਖ-ਵੱਖ ਅਤੇ ਬਹੁ-ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਵਾਇਤੀ ਅਤੇ ਨਵੇਂ ਉੱਭਰ ਰਹੇ ਖੇਤਰਾਂ ਵਿੱਚ ਯੂ.ਕੇ. ਨਾਲ ਮਜ਼ਬੂਤ ਕਾਰੋਬਾਰੀ ਸਬੰਧਾਂ ਦੀ ਸਾਂਝ ਪਾਉਣ ਦਾ ਇਛੁੱਕ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਸਹਿਯੋਗ ਦੇ ਪੰਜ ਮੁੱਖ ਖੇਤਰਾਂ ਜਿਨ੍ਹਾਂ ਵਿੱਚ ਉਚੇਰੀ ਸਿੱਖਿਆ, ਟੈਕਸਟਾਈਲ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸ਼ਾਮਲ ਹਨ, ਦੇ ਨਾਲ-ਨਾਲ ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ, ਸੂਚਨਾ ਤਕਨਾਲੋਜੀ ਅਤੇ ਵਪਾਰਕ ਸੇਵਾਵਾਂ ਸਮੇਤ ਨਵੇਂ ਉੱਭਰ ਰਹੇ ਖੇਤਰਾਂ ਦੀ ਪਛਾਣ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਸਮਰੱਥਾਵਾਂ ਨੂੰ ਦਰਸਾਉਂਦਿਆਂ ਇੱਕ ਵਿਸਤ੍ਰਿਤ ਖਾਕਾ ਪੇਸ਼ ਕੀਤਾ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਕਿ ਪੰਜਾਬ ਵਿੱਚ ਪੰਜ ਹਵਾਈ ਅੱਡਿਆਂ ਅਤੇ ਮਜ਼ਬੂਤ ਕੌਮੀ ਰਾਜਮਾਰਗ ਲਿੰਕਾਂ ਨਾਲ ਵਿਸ਼ਵ ਪੱਧਰੀ ਤੇ ਮਜ਼ਬੂਤ ਸੰਪਰਕ ਨੈਟਵਰਕ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਧੇਰੇ ਹੁਨਰਮੰਦ ਕਾਰਜਬਲ ਹੈ, ਜੋ ਹਰ ਖੇਤਰ ਦੇ ਵਿਕਾਸ ਦੀ ਕੁੰਜੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਹੋਰਨਾਂ ਦੇ ਮੁਕਾਬਲੇ ਕਿਫ਼ਾਇਤੀ ਅਤੇ ਸ਼ਾਂਤਮਈ ਲੇਬਰ ਪੂਲ ਦੀ ਪੇਸ਼ਕਸ਼ ਕਰਦਾ ਹੈ, ਜੋ ਇਸਨੂੰ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਕੋਲ ਇੱਕ ਏਕੀਕ੍ਰਿਤ ਨਿਵੇਸ਼ ਪ੍ਰਣਾਲੀ ਹੈ ਅਤੇ ਇਨਵੈਸਟ ਪੰਜਾਬ, ਇੱਕ ਸਿੰਗਲ ਵਿੰਡੋ ਸਿਸਟਮ ਵਜੋਂ ਕੰਮ ਕਰਦਾ ਹੈ, ਜੋ ਡੀਮਡ ਅਪਰੂਵਲ ਢਾਂਚੇ ਦੇ ਨਾਲ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਦਾਨ ਕਰਦਾ ਹੈ, ਜਿਸ ਨਾਲ ਸਿਸਟਮ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬੱਝਦਾ ਹੈ। ਉਨ੍ਹਾਂ ਨੇ ਸੂਬੇ ਦੇ ਫਾਸਟ-ਟਰੈਕ ਪੋਰਟਲ ਅਤੇ ਸਿੰਗਲ-ਵਿੰਡੋ ਸਹੂਲਤ ‘ਤੇ ਵੀ ਚਾਨਣਾ ਪਾਇਆ, ਜਿਸ ਦਾ ਉਦੇਸ਼ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਪਾਲਣਾਵਾਂ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣਾ ਅਤੇ ਪੰਜਾਬ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਵਧੇਰੇ ਸਹਿਜ ਬਣਾਉਣਾ ਹੈ।

ਮੁੱਖ ਮੰਤਰੀ ਨੇ ਭਵਿੱਖ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਆਰਥਿਕ ਤਰੱਕੀ ਨੂੰ ਤੇਜ਼ ਕਰਨ ਲਈ ਠੋਸ ਯਤਨ ਕਰ ਰਹੀ ਹੈ। ਉਨ੍ਹਾਂ ਨੇ ਯੂ.ਕੇ. ਨਾਲ ਮਜ਼ਬੂਤ ਸਬੰਧਾਂ ਵਾਲੀਆਂ ਫਰਮਾਂ ਸਮੇਤ ਵੱਖ-ਵੱਖ ਫਰਮਾਂ ਦੇ ਪਤਵੰਤਿਆਂ ਅਤੇ ਸੀਨੀਅਰ ਪ੍ਰਤੀਨਿਧੀਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਪੰਜਾਬ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਚੇਤੇ ਕੀਤਾ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਤੋਂ ਆਪਣੇ ਕਾਰੋਬਾਰ ਸ਼ੁਰੂ ਕਰਨ ਜਾਂ ਇਸ ਦੇ ਵਿਸਥਾਰ ਦੀ ਅਪੀਲ ਕਰਦਿਆਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਨਿੱਘਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਮਜ਼ਬੂਤ ਬੁਨਿਆਦੀ ਢਾਂਚਾ, ਨਿਰਵਿਘਨ ਬਿਜਲੀ ਸਪਲਾਈ ਅਤੇ ਨਿਵੇਸ਼ਕ-ਅਨੁਕੂਲ ਨੀਤੀਆਂ ਇਸ ਨੂੰ ਇੱਕ ਆਦਰਸ਼ ਨਿਵੇਸ਼ ਸਥਾਨ ਬਣਾਉਂਦੀਆਂ ਹਨ।

ਮੁੱਖ ਮੰਤਰੀ ਨੇ ਯੂ.ਕੇ. ਦੇ ਨਿਵੇਸ਼ਕਾਂ ਨੂੰ ਮੋਹਾਲੀ ਵਿਖੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ.), 2026 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਇਸ ਸੰਮੇਲਨ ਦੌਰਾਨ ਇੱਕ ਵਿਸ਼ੇਸ਼ ਯੂ.ਕੇ.-ਕੇਂਦ੍ਰਿਤ ਸੈਸ਼ਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿੱਚ ਟਾਇਨੋਰ, ਹਿੰਦੁਸਤਾਨ ਯੂਨੀਲੀਵਰ, ਬੈੱਡਫੋਰਡ ਸਕੂਲ, ਮੁੰਜਾਲ ਬਰਮਿੰਘਮ ਯੂਨੀਵਰਸਿਟੀ, ਗੰਗਾ ਐਕਰੋਵੂਲਜ਼, ਨੈੱਟਸਮਾਰਟਜ਼, ਰੌਕਪੈਕਰ ਅਤੇ ਹੋਰ ਸ਼ਾਮਲ ਸਨ।

ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਦੇ ਹਵਾ ਗੁਣਵੱਤਾ ਸੂਚਕ ਅੰਕ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਲਗਾਤਾਰ ਵਾਤਾਵਰਨ ਪੱਖੀ ਯਤਨਾਂ ਸਦਕਾ ਹੁਣ ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਸੂਚਕ ਅੰਕ 70 ਤੋਂ ਘੱਟ ਹੈ। ਉਨ੍ਹਾਂ ਨੇ ਪੇਂਡੂ ਔਰਤਾਂ ਲਈ ਸ਼ੁਰੂ ਕੀਤੀ ਗਈ ਸਵੈ-ਸਹਾਇਤਾ ਗਰੁੱਪ ‘ਪਹਿਲ’ ਉਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੀਨ ਨੂੰ ਦੁਨੀਆ ਦੀ ਫੈਕਟਰੀ ਵਜੋਂ ਜਾਣਿਆ ਜਾਂਦਾ ਹੈ, ਪੰਜਾਬ ਸਰਕਾਰ ਪੇਂਡੂ ਔਰਤਾਂ ਨੂੰ ਆਪਣੇ ਉਦਯੋਗਿਕ ਅਤੇ ਨਿਰਮਾਣ ਸਬੰਧੀ ਵਿਕਾਸ ਦੀ ਰੀੜ੍ਹ ਦੀ ਹੱਡੀ ਬਣਾਉਣਾ ਚਾਹੁੰਦੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਦੋ ਸਿਵਲ ਏਵੀਏਸ਼ਨ ਕਲੱਬ ਹਨ, ਜੋ ਹਵਾਬਾਜ਼ੀ ਨਾਲ ਸਬੰਧਤ ਹੁਨਰ ਅਤੇ ਸੰਪਰਕ ਨੂੰ ਸੂਬੇ ਵੱਲੋਂ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦੇ ਹਨ।

ਪੰਜਾਬ ਅਤੇ ਯੂ.ਕੇ. ਦਰਮਿਆਨ ਪੁਰਾਣੀ ਅਤੇ ਭਾਵਨਾਤਮਕ ਸਾਂਝ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂ.ਕੇ. ਹਮੇਸ਼ਾ ਭਾਰਤ, ਖਾਸ ਕਰਕੇ ਪੰਜਾਬ ਦਾ ਇੱਕ ਭਰੋਸੇਮੰਦ ਭਾਈਵਾਲ ਰਿਹਾ ਹੈ ਅਤੇ ਪੰਜਾਬੀ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਉਤਸੁਕ ਹਨ। ਉਨ੍ਹਾਂ ਨੇ ਯੂ.ਕੇ. ਦੀਆਂ ਯੂਨੀਵਰਸਿਟੀਆਂ ਨੂੰ ਮੋਹਾਲੀ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਆਪਣੇ ਕੈਂਪਸ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਮਿਲ ਕੇ ਖੋਜ, ਨਵੀਨਤਾ ਅਤੇ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਯੂ.ਕੇ. ਦੇ ਉਦਯੋਗਪਤੀਆਂ ਅਤੇ ਪੰਜਾਬੀ ਪਰਵਾਸੀ ਭਾਈਚਾਰੇ ਨੂੰ ਸੂਬੇ ਲਈ ਨਿਵੇਸ਼ ਆਕਰਸ਼ਿਤ ਕਰਨ ਵਾਸਤੇ ਪੰਜਾਬ ਦੇ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰਨ ਦੀ ਅਪੀਲ ਕੀਤੀ। ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਵੱਲੋਂ ਚੁੱਕੀ ਗਈ ਮੋਹਾਲੀ ਅਤੇ ਲੰਡਨ ਦਰਮਿਆਨ ਸਿੱਧੀ ਉਡਾਣ ਦੀ ਮੰਗ ਦਾ ਵੀ ਸਮਰਥਨ ਕੀਤਾ।

ਪੰਜਾਬ ਵਿਸ਼ਵ ਪੱਧਰ ‘ਤੇ ਆਪਣੇ ਉੱਚ-ਗੁਣਵੱਤਾ ਵਾਲੇ ਖੇਡ ਉਪਕਰਣਾਂ, ਸਾਈਕਲ ਨਿਰਮਾਣ ਅਤੇ ਆਟੋ ਉਪਕਰਣਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂ.ਕੇ. ਦੀਆਂ ਫਰਮਾਂ ਨਾਲ ਭਾਈਵਾਲੀ ਇਨ੍ਹਾਂ ਖੇਤਰਾਂ ਦਾ ਹੋਰ ਵਿਸਥਾਰ ਕਰ ਸਕਦੀ ਹੈ ਅਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਨ੍ਹਾਂ ਨੂੰ ਵਿਸ਼ਵਵਿਆਪੀ ਵੈਲਯੂ ਚੇਨ ਨਾਲ ਜੋੜ ਸਕਦੀ ਹੈ। ਭਗਵੰਤ ਸਿੰਘ ਮਾਨ ਨੇ ਯੂ.ਕੇ. ਦੇ ਉਦਯੋਗਾਂ ਨਾਲ ਡੂੰਘੇ ਸਬੰਧਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਆਪਸੀ ਸਹਿਯੋਗ ਉਨ੍ਹਾਂ ਲਈ ਬੇਹੱਦ ਲਾਭਦਾਇਕ ਹੋਵੇਗਾ।

ਇਸ ਦੌਰਾਨ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਐਲਬਾ ਸਮੈਰੀਗਲੀਓ ਨੇ ਦੋਵਾਂ ਧਿਰਾਂ ਦੀ ਸਰਗਰਮ ਭਾਈਵਾਲੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀ ਪਰਵਾਸੀ ਭਾਈਚਾਰੇ ਦੇ ਉਦਯੋਗਪਤੀਆਂ ਨਾਲ ਕੰਮ ਕਰਨਾ ਉਨ੍ਹਾਂ ਲਈ ਇੱਕ ਦਿਲਚਸਪ ਅਨੁਭਵ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਯੂ.ਕੇ. ਦਰਮਿਆਨ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle