Homeਸਰਕਾਰੀ ਖ਼ਬਰਾਂਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ਇਲਾਜ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ਇਲਾਜ ’ਤੇ ਖਰਚ ਕੀਤੇ ਗਏ 6.5 ਕਰੋੜ ਰੁਪਏ

WhatsApp Group Join Now
WhatsApp Channel Join Now

ਚੰਡੀਗੜ੍ਹ : ਡਾਇਬੀਟੀਜ਼ ਕਦੇ ਕਿਸੇ ਡਾਕਟਰੀ ਐਮਰਜੈਂਸੀ ਦੇ ਰੂਪ ਵਿੱਚ ਸਾਹਮਣੇ ਨਹੀਂ ਆਉਂਦੀ। ਆਮ ਤੌਰ ’ਤੇ ਇਸ ਦੀ ਸ਼ੁਰੂਆਤ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਤੋਂ ਹੁੰਦੀ ਹੈ—ਜਿਵੇਂ ਵਾਰ-ਵਾਰ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਧੁੰਦਲਾ ਦਿਖਣਾ, ਬਿਨਾਂ ਕਿਸੇ ਕਾਰਨ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ, ਪੈਰਾਂ ਵਿੱਚ ਸੁੰਨਪਣ ਜਾਂ ਅਜਿਹਾ ਜ਼ਖ਼ਮ ਜੋ ਲੰਬੇ ਸਮੇਂ ਤੱਕ ਠੀਕ ਨਾ ਹੋਵੇ। ਇਨ੍ਹਾਂ ਸ਼ੁਰੂਆਤੀ ਲੱਛਣਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਦੋਂ ਤੱਕ ਹਾਲਤ ਇੰਨੀ ਗੰਭੀਰ ਨਾ ਹੋ ਜਾਵੇ ਕਿ ਹਸਪਤਾਲ ਵਿੱਚ ਦਾਖ਼ਲ ਹੋਣ, ਆਈਸੀਯੂ ਵਿੱਚ ਇਲਾਜ, ਸਰਜਰੀ ਜਾਂ ਡਾਇਲਿਸਿਸ ਦੀ ਲੋੜ ਪੈ ਜਾਵੇ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਤਾਜ਼ਾ ਸਿਹਤ ਅੰਕੜੇ ਦਰਸਾਉਂਦੇ ਹਨ ਕਿ ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ। ਇਹ ਤੇਜ਼ੀ ਨਾਲ ਕੰਮਕਾਜੀ ਵਰਗ ਦੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ, ਜਿਸ ਕਾਰਨ ਪਰਿਵਾਰਾਂ, ਰੁਜ਼ਗਾਰ ਦਾਤਿਆਂ ਅਤੇ ਸਿਹਤ ਪ੍ਰਣਾਲੀ ’ਤੇ ਲਗਾਤਾਰ ਬੋਝ ਵਧ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਅਨੁਸਾਰ ਅਸੰਤੁਲਿਤ ਖ਼ੁਰਾਕ, ਜੰਕ ਅਤੇ ਪ੍ਰੋਸੈਸਡ ਭੋਜਨ, ਮਿੱਠੇ ਡਰਿੰਕਸ ਦਾ ਵੱਧ ਸੇਵਨ, ਘੱਟ ਸਰੀਰਕ ਵਰਜਿਸ਼, ਮੋਟਾਪਾ, ਤੰਬਾਕੂ ਅਤੇ ਸ਼ਰਾਬ ਦੇ ਸੇਵਨ ਕਾਰਨ ਦੁਨੀਆ ਭਰ ਵਿੱਚ ਡਾਇਬੀਟੀਜ਼ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਲੰਬੇ ਸਮੇਂ ਤੱਕ ਕੰਮ ਕਰਨਾ, ਨੀਂਦ ਪੂਰੀ ਨਾ ਹੋਣਾ ਅਤੇ ਲਗਾਤਾਰ ਤਣਾਅ ਨੇ ਵੀ ਇਸ ਬੀਮਾਰੀ ਦੇ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ।

ਇਲਾਜ ਸੰਬੰਧੀ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਬਹੁਤੇ ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਦੇ ਹਨ। ਖ਼ੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਨ ਪੈਦਾ ਹੋਣ ਵਾਲੀ ਜਾਨਲੇਵਾ ਸਥਿਤੀ ਡਾਇਬੈਟਿਕ ਕੀਟੋਐਸਿਡੋਸਿਸ ਦੇ ਇਲਾਜ ਲਈ ਸਭ ਤੋਂ ਵੱਧ ਦਾਅਵੇ ਦਰਜ ਕੀਤੇ ਗਏ।

ਲੰਬੇ ਸਮੇਂ ਤੱਕ ਡਾਇਬੀਟੀਜ਼ ਕਾਰਨ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਪੈਦਾ ਹੋਣ ਵਾਲਾ ਡਾਇਬੈਟਿਕ ਫੁੱਟ ਇਲਾਜ ਦੀ ਦੂਜੀ ਸਭ ਤੋਂ ਪ੍ਰਮੁੱਖ ਸਥਿਤੀ ਵਜੋਂ ਸਾਹਮਣੇ ਆਇਆ। ਕਈ ਮਰੀਜ਼ਾਂ ਨੂੰ ਡਾਇਲਿਸਿਸ, ਬਲੱਡ ਟਰਾਂਸਫਿਊਜ਼ਨ, ਸੀਟੀ ਅਤੇ ਐਮਆਰਆਈ ਜਾਂਚ, ਆਈਸੀਯੂ ਅਤੇ ਡਾਇਬੈਟਿਕ ਫੁੱਟ ਸਰਜਰੀ ਦੀ ਲੋੜ ਪਈ, ਜੋ ਹਸਪਤਾਲ ਵਿੱਚ ਦਾਖ਼ਲ ਹੋਣ ਸਮੇਂ ਬੀਮਾਰੀ ਦੀ ਗੰਭੀਰ ਹਾਲਤ ਨੂੰ ਦਰਸਾਉਂਦਾ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਹਰ ਪਰਿਵਾਰ ਲਈ ਇੱਕ ਚੇਤਾਵਨੀ ਹਨ। ਉਨ੍ਹਾਂ ਕਿਹਾ, “ਇਹ ਅਜਿਹੇ ਲੋਕ ਨਹੀਂ ਹਨ ਜੋ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕੇ ਹਨ। ਇਹ ਸੂਬੇ ਦੀ ਕੰਮਕਾਜੀ ਆਬਾਦੀ ਹੈ—ਉਹ ਲੋਕ ਜੋ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਕਾਰੋਬਾਰ ਚਲਾ ਰਹੇ ਹਨ, ਕਰਜ਼ੇ (ਲੋਨ) ਚੁਕਾ ਰਹੇ ਹਨ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਸਹਾਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਡਾਇਬੀਟੀਜ਼ ਇਸ ਉਮਰ ਵਰਗ ਦੇ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰਦੀ ਹੈ ਤਾਂ ਇਸ ਦਾ ਪ੍ਰਭਾਵ ਸਿਰਫ਼ ਮਰੀਜ਼ ਤੱਕ ਹੀ ਸੀਮਿਤ ਨਹੀਂ ਰਹਿੰਦਾ।”

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਨਿਯਮਿਤ ਤੌਰ ’ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣ। ਡਾ. ਬਲਬੀਰ ਸਿੰਘ ਨੇ ਕਿਹਾ, “ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ ਹੈ। ਬਿਮਾਰੀ ਗੰਭੀਰ ਹੋਣ ਦਾ ਇੰਤਜ਼ਾਰ ਨਾ ਕਰੋ। ਹਸਪਤਾਲ ਲੋਕਾਂ ਦੀ ਜ਼ਿੰਦਗੀ ਤਾਂ ਬਚਾ ਸਕਦੇ ਹਨ, ਪਰ ਲਾਪਰਵਾਹੀ ਕਾਰਨ ਗੁਆਏ ਹੋਏ ਸਾਲ ਵਾਪਸ ਨਹੀਂ ਲਿਆ ਸਕਦੇ।”

ਡਾਇਬੀਟੀਜ਼ ਸਬੰਧੀ ਅੰਕੜੇ ਕੀ ਦੱਸਦੇ ਹਨ:

36 ਤੋਂ 60 ਸਾਲ ਉਮਰ ਵਰਗ ਦੇ ਬਾਲਗਾਂ ਵਿੱਚ ਡਾਇਬੀਟੀਜ਼ ਨਾਲ ਸਬੰਧਿਤ ਸਭ ਤੋਂ ਵੱਧ 1123 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੇ 809, 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੇ 243 ਅਤੇ 0 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਦੇ 125 ਮਾਮਲੇ ਦਰਜ ਕੀਤੇ ਗਏ।

* 21 ਜੁਲਾਈ 2026 ਤੱਕ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਡਾਇਬੀਟੀਜ਼ ਨਾਲ ਸਬੰਧਿਤ 2300 ਇਲਾਜ ਮਾਮਲਿਆਂ ’ਤੇ ਲਗਭਗ 6.5 ਕਰੋੜ ਰੁਪਏ(6,49,99,151.6) ਖ਼ਰਚ ਕੀਤੇ ਗਏ।

* ਡਾਇਬੀਟੀਜ਼ ਦੀ ਗੰਭੀਰ ਸਥਿਤੀ ਨੂੰ ਦਰਸਾਉਣ ਵਾਲਾ ਡਾਇਬੈਟਿਕ ਕੀਟੋਐਸਿਡੋਸਿਸ ਸਭ ਤੋਂ ਵੱਧ ਪ੍ਰਾਪਤ ਕੀਤਾ ਜਾਣ ਵਾਲਾ ਇਲਾਜ ਪੈਕੇਜ ਰਿਹਾ।

* ਲੰਬੇ ਸਮੇਂ ਤੋਂ ਨਸਾਂ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਹੋਏ ਨੁਕਸਾਨ ਦਾ ਸੰਕੇਤ ਦੇਣ ਵਾਲਾ ਡਾਇਬੈਟਿਕ ਫੁੱਟ ਦੂਜੀ ਸਭ ਤੋਂ ਵੱਡੀ ਪੇਚੀਦਗੀ ਵਜੋਂ ਸਾਹਮਣੇ ਆਇਆ ਹੈ।

* ਅਨੇਕਾਂ ਮਰੀਜ਼ਾਂ ਨੂੰ ਡਾਇਲਿਸਿਸ, ਆਈਸੀਯੂ ਇਲਾਜ, ਬਲੱਡ ਟਰਾਂਸਫਿਊਜ਼ਨ, ਸੀਟੀ/ਐਮਆਰਆਈ ਜਾਂਚ ਅਤੇ ਡਾਇਬੈਟਿਕ ਫੁੱਟ ਸਰਜਰੀ ਵਰਗੀਆਂ ਉੱਨਤ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ।

* ਸਮੇਂ ਸਿਰ ਸਕ੍ਰੀਨਿੰਗ, ਸਿਹਤਮੰਦ ਜੀਵਨ ਸ਼ੈਲੀ ਅਤੇ ਉਚਿਤ ਪ੍ਰਬੰਧਨ ਹੀ ਡਾਇਬੀਟੀਜ਼ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹਨ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle