ਨਵੀਂ ਦਿੱਲੀ :- ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਕੇ ਕਿਸਮਤ ਅਜ਼ਮਾਉਣ ਵਾਲੇ ਭਾਰਤੀਆਂ ਲਈ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਦਿੱਲੀ ਦੀ ਰਹਿਣ ਵਾਲੀ ਕਨਿਕਾ ਅਰੋੜਾ ਨੇ ਅਬੂ ਧਾਬੀ ਦੇ ‘ਬਿਗ ਟਿਕਟ’ ਡਰਾਅ ਵਿੱਚ 25 ਮਿਲੀਅਨ ਦਿਰਹਾਮ, ਭਾਰਤੀ ਕਰੰਸੀ ਅਨੁਸਾਰ ਕਰੀਬ 64 ਕਰੋੜ ਰੁਪਏ ਦੀ ਇਨਾਮੀ ਰਕਮ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ।
ਸਾਲਾਂ ਦੀ ਉਡੀਕ ਤੋਂ ਬਾਅਦ ਮਿਲੀ ਵੱਡੀ ਕਾਮਯਾਬੀ
ਕਨਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਨਿਯਮਿਤ ਤੌਰ ‘ਤੇ ਹਰ ਮਹੀਨੇ ‘ਬਿਗ ਟਿਕਟ’ ਖਰੀਦਦਾ ਆ ਰਿਹਾ ਸੀ। ਪਹਿਲਾਂ ਟਿਕਟ ਉਨ੍ਹਾਂ ਦੇ ਪਤੀ ਦੇ ਨਾਂ ‘ਤੇ ਖਰੀਦੀ ਜਾਂਦੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਨਾਂ ‘ਤੇ ਟਿਕਟ ਲੈਣੀ ਸ਼ੁਰੂ ਕੀਤੀ। 30 ਜੂਨ ਨੂੰ ਖਰੀਦੀ ਟਿਕਟ ਨੇ ਆਖ਼ਰਕਾਰ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਜਿੱਤ ਦੀ ਸੂਚਨਾ ਮਿਲਣ ‘ਤੇ ਉਨ੍ਹਾਂ ਨੂੰ ਪਹਿਲਾਂ ਇਸ ਗੱਲ ‘ਤੇ ਯਕੀਨ ਹੀ ਨਹੀਂ ਹੋਇਆ।
ਘਰ ਅਤੇ ਧੀ ਦੇ ਸੁਪਨੇ ਹੋਣਗੇ ਪੂਰੇ
ਇਨਾਮ ਜਿੱਤਣ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਕਨਿਕਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਆਪਣਾ ਘਰ ਖਰੀਦਣਗੇ। ਇਸ ਤੋਂ ਇਲਾਵਾ ਉਹ ਆਪਣੀ ਪੰਜ ਸਾਲਾ ਧੀ ਨਾਲ ਕੀਤਾ ਵਾਅਦਾ ਨਿਭਾਉਂਦੇ ਹੋਏ ਉਸ ਨੂੰ ਡਿਜ਼ਨੀਲੈਂਡ ਘੁੰਮਾਉਣ ਲੈ ਕੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨਾਮੀ ਰਕਮ ਦਾ ਵੱਡਾ ਹਿੱਸਾ ਧੀ ਦੀ ਸਿੱਖਿਆ ਅਤੇ ਪਰਿਵਾਰ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਵਰਤਿਆ ਜਾਵੇਗਾ।
ਹੋਰ ਭਾਰਤੀਆਂ ਨੇ ਵੀ ਜਿੱਤੇ ਇਨਾਮ
ਇਸੇ ਡਰਾਅ ਵਿੱਚ ਦੁਬਈ ਵਿੱਚ ਰਹਿਣ ਵਾਲੀ ਭਾਰਤੀ ਮਹਿਲਾ ਟਵਿੰਕਲ ਅਲਫਿਨ ਨੇ ਬੀਐਮਡਬਲਿਊ ਐਕਸ-6 ਲਗਜ਼ਰੀ ਕਾਰ ਜਿੱਤੀ ਹੈ। ਇਸ ਤੋਂ ਇਲਾਵਾ ਇੱਕ ਮਿਲੀਅਨ ਦਿਰਹਾਮ ਦੇ ਪੰਜ ਹੋਰ ਇਨਾਮ ਵੀ ਜੇਤੂਆਂ ਨੂੰ ਦਿੱਤੇ ਗਏ, ਜਿਨ੍ਹਾਂ ਵਿੱਚ ਭਾਰਤ ਅਤੇ ਬੰਗਲਾਦੇਸ਼ ਨਾਲ ਸਬੰਧਤ ਭਾਗੀਦਾਰ ਵੀ ਸ਼ਾਮਲ ਹਨ। ਹੁਣ ਆਯੋਜਕਾਂ ਨੇ ਅਗਲੇ ਡਰਾਅ ਲਈ 20 ਮਿਲੀਅਨ ਦਿਰਹਾਮ ਦੇ ਗ੍ਰੈਂਡ ਇਨਾਮ ਅਤੇ ਹੋਰ ਲਗਜ਼ਰੀ ਵਾਹਨਾਂ ਦੀ ਘੋਸ਼ਣਾ ਵੀ ਕਰ ਦਿੱਤੀ ਹੈ।

