ਪੰਜਾਬ ਯੂਨੀਵਰਸਿਟੀ ’ਚ ਸਮਾਗਮ ’ਚ ਪਹੁੰਚੇ ਉਪ ਰਾਸ਼ਟਰਪਤੀ
ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਉਪ ਰਾਸ਼ਟਰਪਤੀ ਚੰਦਰਪੁਰਮ ਪੋਨੁਸਾਮੀ ਰਾਧਾਕ੍ਰਿਸ਼ਨਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਸਮਾਗਮ ਵਾਲੇ ਆਡੀਟੋਰੀਅਮ ਵਿੱਚ ਸੁਰੱਖਿਆ ਕਾਰਨਾਂ ਕਰਕੇ ਮੋਬਾਈਲ ਫੋਨ, ਹੋਰ ਇਲੈਕਟ੍ਰਾਨਿਕ ਉਪਕਰਨ ਅਤੇ ਪਾਣੀ ਦੀਆਂ ਬੋਤਲਾਂ ਲਿਜਾਣ ਦੀ ਮਨਾਹੀ ਰਹੀ। ਇੱਥੇ ਸਿਰਫ਼ ਵੀਡੀਓ ਕੈਮਰੇ ਅਤੇ ਪੇਸ਼ੇਵਰ ਕੈਮਰੇ ਲਿਜਾਣ ਦੀ ਇਜਾਜ਼ਤ ਦਿੱਤੀ ਗਈ, ਜਦਕਿ ਮੋਬਾਈਲ ਰਾਹੀਂ ਤਸਵੀਰਾਂ ਖਿੱਚਣ ’ਤੇ ਵੀ ਰੋਕ ਰਹੀ।
ਜਨਮ ਅਸ਼ਟਮੀ ਸਮਾਗਮਾਂ ਲਈ ਵੀ ਟ੍ਰੈਫਿਕ ਪ੍ਰਬੰਧ ਬਦਲੇ
ਉਪ ਰਾਸ਼ਟਰਪਤੀ ਦੇ ਦੌਰੇ ਦੇ ਨਾਲ ਸ਼ਹਿਰ ਵਿੱਚ ਹੋ ਰਹੇ ਜਨਮ ਅਸ਼ਟਮੀ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਪੁਲਿਸ ਨੇ ਵੱਖਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ ਦੁਪਹਿਰ 12 ਵਜੇ ਤੋਂ ਰਾਤ 1 ਵਜੇ ਤੱਕ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਆਵਾਜਾਈ ਪ੍ਰਭਾਵਿਤ ਰਹਿ ਸਕਦੀ ਹੈ। ਲੋਕਾਂ ਨੂੰ ਇਨ੍ਹਾਂ ਰਸਤਿਆਂ ਤੋਂ ਬਚਣ ਅਤੇ ਜ਼ਰੂਰਤ ਮੁਤਾਬਕ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।
ਸੈਕਟਰ-36 ਇਸਕਾਨ ਮੰਦਰ ਨੇੜੇ ਆਵਾਜਾਈ ਨਿਯੰਤਰਿਤ
ਸੈਕਟਰ-36 ਦੇ ਇਸਕਾਨ ਮੰਦਰ ਵਿੱਚ ਜਨਮ ਅਸ਼ਟਮੀ ਸਮਾਗਮ ਦੇ ਮੱਦੇਨਜ਼ਰ ਦੱਖਣ ਮਾਰਗ ’ਤੇ ਕਿਸਾਨ ਭਵਨ ਚੌਕ ਤੋਂ ਬੱਤਰਾ ਚੌਕ ਤੱਕ ਆਵਾਜਾਈ ਨੂੰ ਨਿਯੰਤਰਿਤ ਕੀਤਾ ਜਾਵੇਗਾ। ਇਸ ਲਈ ਇਸ ਰਸਤੇ ਰਾਹੀਂ ਜਾਣ ਵਾਲੇ ਵਾਹਨ ਚਾਲਕਾਂ ਨੂੰ ਆਪਣੀ ਯਾਤਰਾ ਦੀ ਯੋਜਨਾ ਉਸੇ ਅਨੁਸਾਰ ਬਣਾਉਣ ਦੀ ਅਪੀਲ ਕੀਤੀ ਗਈ ਹੈ।
ਸੈਕਟਰ-20 ’ਚ ਵੀ ਪ੍ਰਭਾਵਿਤ ਰਹੇਗਾ ਟ੍ਰੈਫਿਕ
ਸੈਕਟਰ-20 ਵਿੱਚ ਹੋਣ ਵਾਲੇ ਜਨਮ ਅਸ਼ਟਮੀ ਸਮਾਗਮ ਕਾਰਨ ਸੈਕਟਰ 20/21 ਲਾਈਟ ਪੁਆਇੰਟ ਤੋਂ ਸੈਕਟਰ 20/30 ਲਾਈਟ ਪੁਆਇੰਟ ਤੱਕ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਨਿਰਧਾਰਤ ਥਾਵਾਂ ’ਤੇ ਹੀ ਖੜ੍ਹੇ ਕੀਤੇ ਜਾਣ ਵਾਹਨ
ਟ੍ਰੈਫਿਕ ਪੁਲਿਸ ਨੇ ਸਮਾਗਮਾਂ ਵਿੱਚ ਆਉਣ ਵਾਲੇ ਮਹਿਮਾਨਾਂ, ਸੱਦੇ ਗਏ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ ’ਤੇ ਖੜ੍ਹੇ ਕਰਨ ਲਈ ਕਿਹਾ ਹੈ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਸਾਈਕਲ ਮਾਰਗ, ਪੈਦਲ ਮਾਰਗ ਜਾਂ ਨੋ-ਪਾਰਕਿੰਗ ਵਾਲੀ ਥਾਂ ’ਤੇ ਵਾਹਨ ਖੜ੍ਹਾ ਕਰਨ ’ਤੇ ਚਲਾਨ ਕੀਤਾ ਜਾ ਸਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਲੋੜ ਪੈਣ ’ਤੇ ਟੋਅ ਕਰਕੇ ਹਟਾਇਆ ਵੀ ਜਾ ਸਕਦਾ ਹੈ।
ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਭਵ ਹੋਵੇ ਤਾਂ ਪ੍ਰਭਾਵਿਤ ਰਸਤਿਆਂ ’ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਯਾਤਰਾ ਲਈ ਬਦਲਵੇਂ ਮਾਰਗਾਂ ਦੀ ਵਰਤੋਂ ਕੀਤੀ ਜਾਵੇ। ਪੁਲਿਸ ਨੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਲੋਕਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ ਹੈ।

