ਚੰਡੀਗੜ੍ਹ :- ਚੰਡੀਗੜ੍ਹ ਦੇ ਬਹੁ-ਚਰਚਿਤ ਡਿਜੀਟਲ ਅਰੈਸਟ ਸਾਈਬਰ ਫਰਾਡ ਮਾਮਲੇ ਵਿੱਚ ਪ੍ਰਵਰਤਨ ਨਿਰਦੇਸ਼ਾਲਾ (ਈਡੀ) ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮਹਿਲਾ ਮੁਲਜ਼ਮ ਨੂੰ ਅਸਾਮ ਦੀ ਰਾਜਧਾਨੀ ਗੁਹਾਟੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਈਡੀ ਦੀ ਅਰਜ਼ੀ ’ਤੇ ਮੁਲਜ਼ਮਾ ਦਾ 9 ਦਿਨ ਦਾ ਰਿਮਾਂਡ ਮਨਜ਼ੂਰ ਕੀਤਾ ਹੈ।
ਸੀਬੀਆਈ ਅਧਿਕਾਰੀ ਬਣ ਕੇ 7 ਕਰੋੜ ਦੀ ਰੰਗਦਾਰੀ
ਈਡੀ ਅਧਿਕਾਰੀਆਂ ਮੁਤਾਬਕ ਫੜੀ ਗਈ ਔਰਤ ਦੀ ਪਛਾਣ ਰੂਮੀ ਕਲਿਤਾ ਵਜੋਂ ਹੋਈ ਹੈ, ਜੋ ਸਾਈਬਰ ਫਰਾਡ ਸਿੰਡੀਕੇਟ ਦੀ ਕੇਂਦਰੀ ਕੜੀ ਦੱਸੀ ਜਾ ਰਹੀ ਹੈ। ਦੋ ਸਾਲ ਪਹਿਲਾਂ ਵਰਧਮਾਨ ਗਰੁੱਪ ਦੇ ਮਾਲਕ ਪਾਲ ਓਸਵਾਲ ਨੂੰ ਫੇਕ ਸੀਬੀਆਈ ਅਧਿਕਾਰੀ ਬਣ ਕੇ ਵਟਸਐਪ ਕਾਲਾਂ ਰਾਹੀਂ ਡਰਾਇਆ ਗਿਆ ਸੀ। ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਅਤੇ ਸੁਪਰੀਮ ਕੋਰਟ ਦੇ ਨਕਲੀ ਵਾਰੰਟ ਵਿਖਾ ਕੇ ਡਿਜੀਟਲ ਅਰੈਸਟ ਦਾ ਡਰ ਦਿਖਾਇਆ ਗਿਆ, ਜਿਸ ਤੋਂ ਬਾਅਦ 7 ਕਰੋੜ ਰੁਪਏ ਵਸੂਲੇ ਗਏ।
ਦੇਸ਼ ਭਰ ’ਚ ਫੈਲਿਆ ਸਾਈਬਰ ਫਰਾਡ ਸਿੰਡੀਕੇਟ
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰੂਮੀ ਕਲਿਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੇਸ਼ ਪੱਧਰ ’ਤੇ ਸਾਈਬਰ ਠੱਗੀ ਦਾ ਜਾਲ ਬਿਛਾਇਆ ਹੋਇਆ ਸੀ। ਵੱਡੇ ਵਪਾਰੀਆਂ ਤੋਂ ਲੈ ਕੇ ਆਮ ਲੋਕਾਂ ਤੱਕ ਫੇਕ ਕਾਲਾਂ ਰਾਹੀਂ ਲੱਖਾਂ-ਕਰੋੜਾਂ ਦੀ ਠੱਗੀ ਕੀਤੀ ਜਾਂਦੀ ਰਹੀ।
ਪੇਮੈਂਟ ਘੁਮਾਉਣ ਦਾ ਸਾਰਾ ਖੇਡ ਰੂਮੀ ਕੋਲ
ਈਡੀ ਅਨੁਸਾਰ ਪਾਲ ਓਸਵਾਲ ਤੋਂ ਲਈ ਗਈ 7 ਕਰੋੜ ਦੀ ਰਕਮ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਨਾ, ਉਸਨੂੰ ਘੁਮਾਉਣਾ ਅਤੇ ਕੱਢਣਾ ਸਾਰਾ ਕੰਮ ਰੂਮੀ ਕਲਿਤਾ ਅਤੇ ਉਸ ਦੇ ਨਜ਼ਦੀਕੀ ਸਾਥੀਆਂ ਵੱਲੋਂ ਕੀਤਾ ਗਿਆ। ਇਸੀ ਅਹਿਮ ਭੂਮਿਕਾ ਕਾਰਨ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਪਹਿਲਾਂ ਫੜੇ ਗਏ ਸਨ ਛੋਟੇ ਪਿਆਦੇ
ਕਾਬਿਲੇਗੌਰ ਹੈ ਕਿ ਸਾਲ 2024 ਵਿੱਚ ਪੰਜਾਬ ਪੁਲਸ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਕਈ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਸਨ, ਪਰ ਜਾਂਚ ਵਿੱਚ ਇਹ ਸਪਸ਼ਟ ਹੋਇਆ ਕਿ ਉਹ ਗੈਂਗ ਦੇ ਸਿਰਫ਼ ਛੋਟੇ ਮੋਹਰੇ ਸਨ। ਹੁਣ ਈਡੀ ਦੀ ਇਸ ਕਾਰਵਾਈ ਨਾਲ ਸਾਈਬਰ ਫਰਾਡ ਨੈੱਟਵਰਕ ਦੇ ਅਸਲੀ ਸੂਤਰਧਾਰਾਂ ਤੱਕ ਪਹੁੰਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

