ਚੰਡੀਗੜ੍ਹ :- ਚੰਡੀਗੜ੍ਹ ਪ੍ਰਸ਼ਾਸਨ ਨੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸਥਿਤ ਨੈਕਸਸ ਏਲਾਂਟੇ ਮਾਲ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਮਾਲ ਵਿੱਚ ਲਗਭਗ 35,040 ਵਰਗ ਫੁੱਟ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਬਣੀਆਂ ਢਾਂਚਾਗਤ ਉਲੰਘਣਾਵਾਂ ਦਾ ਪਤਾ ਲੱਗਣ ‘ਤੇ ਪ੍ਰਸ਼ਾਸਨ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਐਤਵਾਰ ਸਵੇਰੇ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਸਥਾਨਕ ਪੁਲਿਸ ਤੇ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ।
ਮਾਲ ਪ੍ਰਬੰਧਕਾਂ ਨੂੰ ਦਿੱਤਾ ਗਿਆ ਕਾਰਨ ਦੱਸੋ ਨੋਟਿਸ
ਸ਼ਨੀਵਾਰ ਨੂੰ ਐਸ.ਡੀ.ਐਮ ਈਸਟ-ਕਮ-ਅਸਿਸਟੈਂਟ ਅਸਟੇਟ ਅਫਸਰ ਖੁਸ਼ਪ੍ਰੀਤ ਕੌਰ ਵੱਲੋਂ ਮੈਸਰਜ਼ ਸੀਐਸਜੇ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਿਟਡ (ਏਲਾਂਟੇ ਮਾਲ ਮੈਨੇਜਮੈਂਟ) ਨੂੰ ਨੋਟਿਸ ਭੇਜਿਆ ਗਿਆ ਸੀ। ਨੋਟਿਸ ਵਿੱਚ ਮਾਲ ਪ੍ਰਬੰਧਕਾਂ ਤੋਂ ਪੁੱਛਿਆ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਾਰਕਿੰਗ ਲਈ ਰਾਖਵੀਂ ਜਗ੍ਹਾ ‘ਤੇ ਕੀਤਾ ਕਬਜ਼ਾ
ਅਸਟੇਟ ਦਫ਼ਤਰ ਦੀ ਜਾਂਚ ਰਿਪੋਰਟ ਅਨੁਸਾਰ ਮਾਲ ਪ੍ਰਬੰਧਨ ਵੱਲੋਂ ਇਮਾਰਤ ਦੇ ਨਕਸ਼ੇ ਦੀਆਂ ਦਸ ਵੱਡੀਆਂ ਉਲੰਘਣਾਵਾਂ ਕੀਤੀਆਂ ਗਈਆਂ ਹਨ। ਸਭ ਤੋਂ ਗੰਭੀਰ ਗਲਤੀ ਪਾਰਕਿੰਗ ਖੇਤਰ ਨਾਲ ਸਬੰਧਤ ਪਾਈ ਗਈ ਹੈ। ਲਗਭਗ 22 ਹਜ਼ਾਰ ਵਰਗ ਫੁੱਟ ਜਗ੍ਹਾ, ਜੋ ਵਾਹਨਾਂ ਦੀ ਪਾਰਕਿੰਗ ਲਈ ਰਾਖਵੀਂ ਸੀ, ਉਸਨੂੰ ਲੈਂਡਸਕੇਪਿੰਗ ਤੇ ਹਰਿਆਲੀ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ।
ਅਗਸਤ ‘ਚ ਹੋਇਆ ਸੀ ਨਿਰੀਖਣ, ਹੁਣ ਹੋਵੇਗਾ ਜੁਰਮਾਨਾ
ਅਸਟੇਟ ਵਿਭਾਗ ਨੇ 8 ਅਗਸਤ ਨੂੰ ਮਾਲ ਦਾ ਨਿਰੀਖਣ ਕੀਤਾ ਸੀ। ਦੋ ਮਹੀਨਿਆਂ ਦੀ ਮਿਆਦ ਤੇ ਸੁਣਵਾਈ ਦੇ ਬਾਵਜੂਦ ਪ੍ਰਬੰਧਨ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ। ਇਸ ਕਾਰਨ ਹੁਣ ਮਾਲ ‘ਤੇ ਪ੍ਰਤੀ ਵਰਗ ਫੁੱਟ ਪ੍ਰਤੀ ਦਿਨ ₹8 ਦਾ ਜੁਰਮਾਨਾ ਲਾਇਆ ਜਾਵੇਗਾ।
ਕਾਨੂੰਨੀ ਧਾਰਾਵਾਂ ਤਹਿਤ ਹੋ ਰਹੀ ਕਾਰਵਾਈ
ਇਹ ਪੂਰੀ ਕਾਰਵਾਈ ਚੰਡੀਗੜ੍ਹ ਅਸਟੇਟ ਨਿਯਮ 2007 ਅਤੇ ਪੰਜਾਬ ਦੀ ਰਾਜਧਾਨੀ (ਵਿਕਾਸ ਅਤੇ ਨਿਯਮ) ਐਕਟ 1952 ਦੇ ਤਹਿਤ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਵੱਡੇ ਵਪਾਰਿਕ ਕੰਪਲੈਕਸ ਵੱਲੋਂ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

