ਚੰਡੀਗੜ੍ਹ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ੁੱਕਰਵਾਰ ਤੋਂ ਸ਼ਨੀਵਾਰ ਤੱਕ ਦੋ ਦਿਨਾਂ ਦੇ ਦੌਰੇ ’ਤੇ ਚੰਡੀਗੜ੍ਹ ਪਹੁੰਚ ਰਹੇ ਹਨ। ਇਸ ਦੌਰੇ ਨੂੰ ਲੈ ਕੇ ਸ਼ਹਿਰ ਦਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ’ਚ ਹਨ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ 19 ਅਤੇ 20 ਦਸੰਬਰ ਲਈ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਦੋ ਦਿਨਾਂ ਲਈ ਚੰਡੀਗੜ੍ਹ ‘ਨੋ ਫਲਾਇੰਗ ਜ਼ੋਨ’
ਸੁਰੱਖਿਆ ਏਜੰਸੀਆਂ ਦੀ ਸਿਫ਼ਾਰਸ਼ ’ਤੇ ਗ੍ਰਹਿ ਮੰਤਰੀ ਦੇ ਦੌਰੇ ਦੌਰਾਨ ਚੰਡੀਗੜ੍ਹ ਨੂੰ ਦੋ ਦਿਨਾਂ ਲਈ ‘ਨੋ ਫਲਾਇੰਗ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਇਸ ਦੌਰਾਨ ਡਰੋਨ, ਪੈਰਾਗਲਾਈਡਿੰਗ ਜਾਂ ਕਿਸੇ ਵੀ ਕਿਸਮ ਦੀ ਹਵਾਈ ਗਤੀਵਿਧੀ ’ਤੇ ਪੂਰੀ ਪਾਬੰਦੀ ਰਹੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਈ ਮੁੱਖ ਸੜਕਾਂ ’ਤੇ ਟ੍ਰੈਫਿਕ ਪ੍ਰਭਾਵਿਤ ਰਹੇਗਾ
ਟ੍ਰੈਫਿਕ ਪੁਲਿਸ ਅਨੁਸਾਰ ਗ੍ਰਹਿ ਮੰਤਰੀ ਦੀ ਆਵਾਜਾਈ ਅਤੇ ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਟ੍ਰੈਫਿਕ ਡਾਇਵਰਸ਼ਨ ਕੀਤਾ ਜਾਵੇਗਾ। ਕੁਝ ਥਾਵਾਂ ’ਤੇ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ ਹੌਲੀ ਰਹਿ ਸਕਦੀ ਹੈ, ਜਦਕਿ ਕੁਝ ਰਸਤੇ ਅਸਥਾਈ ਤੌਰ ’ਤੇ ਬੰਦ ਵੀ ਕੀਤੇ ਜਾ ਸਕਦੇ ਹਨ।
ਲੋਕਾਂ ਨੂੰ ਬਦਲਵੇਂ ਰਸਤੇ ਵਰਤਣ ਦੀ ਅਪੀਲ
ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਜੇ ਲੋੜ ਪਏ ਤਾਂ ਪਹਿਲਾਂ ਹੀ ਯੋਜਨਾ ਬਣਾ ਕੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਨਾਲ ਹੀ, ਟ੍ਰੈਫਿਕ ਕਰਮਚਾਰੀਆਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਅਸੁਵਿਧਾ ਲਈ ਪੁਲਿਸ ਨੇ ਜਤਾਇਆ ਖੇਦ
ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਪ੍ਰਬੰਧਾਂ ਕਾਰਨ ਸ਼ਹਿਰ ਵਾਸੀਆਂ ਨੂੰ ਹੋ ਸਕਣ ਵਾਲੀ ਅਸੁਵਿਧਾ ਲਈ ਖੇਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਕਦਮ ਸਿਰਫ਼ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਚੁੱਕੇ ਗਏ ਹਨ। ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਉਮੀਦ ਜਤਾਈ ਹੈ ਤਾਂ ਜੋ ਦੌਰਾ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਹੋ ਸਕੇ।

