ਨਵੀਂ ਦਿੱਲੀ :- ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਗਾਇਕ ਤੇਜੀ ਕਹਲੋਂ ਉੱਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਕਬੂਲ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਤੀਵ੍ਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਕੈਨੇਡਾ ਵਿੱਚ ਇਸ ਤਰ੍ਹਾਂ ਦੇ ਹਮਲੇ ਹਾਲੀਆ ਸਮੇਂ ਦੌਰਾਨ ਵਧ ਰਹੇ ਹਨ। ਕੁਝ ਸਮਾਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਤੇ ਵੀ ਫਾਇਰਿੰਗ ਹੋਈ ਸੀ।
ਗੈਂਗਸਟਰ ਨੇ ਪੋਸਟ ਕਰਕੇ ਦਿੱਤੀ ਚੇਤਾਵਨੀ
ਜਾਣਕਾਰੀ ਮੁਤਾਬਕ ਮਹਿੰਦਰ ਸਰਣ ਨਾਂ ਦੇ ਗੈਂਗ ਮੈਂਬਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਤੇਜੀ ਕਹਲੋਂ ‘ਤੇ ਹਮਲਾ ਉਨ੍ਹਾਂ ਦੇ ਗੈਂਗ ਵੱਲੋਂ ਕਰਵਾਇਆ ਗਿਆ ਹੈ। ਪੋਸਟ ਵਿੱਚ ਦਰਸਾਇਆ ਗਿਆ ਕਿ ਕਹਲੋਂ ਦੇ ਪੇਟ ਵਿੱਚ ਗੋਲੀਆਂ ਲੱਗੀਆਂ ਅਤੇ ਇਹ “ਕੇਵਲ ਚੇਤਾਵਨੀ” ਸੀ। ਨਾਲ ਹੀ ਧਮਕੀ ਦੇ ਰੂਪ ਵਿੱਚ ਇਹ ਵੀ ਲਿਖਿਆ ਗਿਆ ਕਿ ਜੇਕਰ ਉਸਨੇ ਅੱਗੇ ਵੀ “ਉਨ੍ਹਾਂ ਦੇ ਵਿਰੋਧੀਆਂ” ਦੀ ਸਹਾਇਤਾ ਜਾਰੀ ਰੱਖੀ ਤਾ ਉਹਨਾਂ ਵੱਲੋਂ “ਅੰਤਿਮ ਕਾਰਵਾਈ” ਕੀਤੀ ਜਾਵੇਗੀ।
ਗੋਦਾਰਾ ਗੈਂਗ ਨੇ ਹੋਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ
ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਤੇਜੀ ਕਹਲੋਂ ਵਿਰੋਧੀ ਗੈਂਗਾਂ ਨੂੰ ਹਥਿਆਰ ਅਤੇ ਪੈਸੇ ਪ੍ਰਦਾਨ ਕਰਦਾ ਸੀ। ਗੈਂਗ ਨੇ ਚੇਤਾ ਦਿੱਤਾ ਕਿ ਜੋ ਵੀ ਉਸਦਾ ਸਾਥ ਦੇਣ ਦੀ ਕੋਸ਼ਿਸ਼ ਕਰੇਗਾ ਜਾਂ ਗੋਦਾਰਾ ਗੈਂਗ ਦੇ ਵਿਰੁੱਧ ਖੜ੍ਹਾ ਹੋਇਆ, ਉਸਦੇ ਪਰਿਵਾਰ ਤੱਕ ਨੂੰ ਨਹੀਂ ਛੱਡਿਆ ਜਾਵੇਗਾ। ਸਰਣ ਨੇ ਸਾਥੀ ਮੈਂਬਰਾਂ ਰਾਹੁਲ ਰਿਨਾਉ ਅਤੇ ਵਿਕੀ ਫਲਵਾਨ ਦੇ ਨਾਮ ਵੀ ਜੁੜੇ ਹੋਏ ਦੱਸੇ।
ਕੈਨੇਡਾ ‘ਚ ਸੁਰੱਖਿਆ ਐਜੰਸੀਆਂ ਸੁਚੇਤ
ਇਸ ਹਮਲੇ ਤੋਂ ਬਾਅਦ ਕੈਨੇਡਾ ਵਿੱਚ ਸੁਰੱਖਿਆ ਅਧਿਕਾਰੀਆਂ ਨੇ ਮੁੜ ਚੌਕਸੀ ਵੱਧਾ ਲਈ ਹੈ। ਹਾਲ ਹੀ ਦੌਰਾਨ ਕਈ ਸੈਲੀਬ੍ਰਿਟੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਹੋਰ ਗਹਿਰੀਆਂ ਹੋ ਗਈਆਂ ਹਨ।
ਫ਼ਿਲਹਾਲ ਗਾਇਕ ਤੇਜੀ ਕਹਲੋਂ ਦੀ ਸਿਹਤ ਬਾਰੇ ਅਧਿਕਾਰਕ ਅਪਡੇਟ ਸਾਹਮਣੇ ਨਹੀਂ ਆਇਆ।