ਚੰਡੀਗੜ੍ਹ :- ਪੰਜਾਬ ਸਰਕਾਰ ਨੇ ਐਸ.ਟੀ.ਐਫ. ਦੀ ਕਾਰਗੁਜ਼ਾਰੀ ਨੂੰ ਪਾਰਦਰਸ਼ੀ ਬਣਾਉਣ ਲਈ ਅੰਮ੍ਰਿਤਸਰ, ਜਲੰਧਰ, ਫਿਰੋਜਪੁਰ ਅਤੇ ਲੁਧਿਆਣਾ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸਪੈਸ਼ਲ ਟਾਸਕ ਫੋਰਸ (Special Task Force) ਦੀਆਂ ਕਾਰਵਾਈਆਂ ਤੇ ਨਿਗਰਾਨੀ ਸੁਨਿਸ਼ਚਿਤ ਹੋਵੇਗੀ।
ਕਿਸ ਵਲੋਂ ਕੀਤਾ ਜਾਵੇਗਾ ਪ੍ਰੋਜੈਕਟ
ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਇਕ ਨਿੱਜੀ ਏਜੰਸੀ ਦੁਆਰਾ ਕੀਤਾ ਜਾਵੇਗਾ, ਜਦੋਂ ਕਿ ਪੁਲਸ ਇਸ ਦੇ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰੋਜੈਕਟ ਜਨਵਰੀ 2026 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਜਿੰਮੇਵਾਰੀ ਇਸ ਨਿੱਜੀ ਕੰਪਨੀ ਦੀ ਹੋਵੇਗੀ ਕਿ ਕੈਮਰਿਆਂ ਦੀ ਵਰਕਿੰਗ ਅਤੇ ਸਹੀ ਸੰਭਾਲ ਯਕੀਨੀ ਬਣਾਈ ਜਾਵੇ।
ਪਹਿਲਾਂ ਕੀਤੇ ਸੁਰੱਖਿਆ ਉਪਾਅ
ਪੰਜਾਬ ਸਰਕਾਰ ਪਹਿਲਾਂ ਵੀ ਉੱਚ-ਸੁਰੱਖਿਆ ਵਾਲੇ ਖੇਤਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਐਕਸ-ਰੇ ਸਕੈਨਰ ਲਗਾ ਚੁੱਕੀ ਹੈ। ਯੁੱਧ ਨਸ਼ਿਆਂ ਮੁਹਿੰਮ ਦੇ ਤਹਿਤ 18 ਜੇਲ੍ਹਾਂ ਵਿੱਚ 647 ਸੀ.ਸੀ.ਟੀ.ਵੀ. ਕੈਮਰੇ, ਐਕਸ-ਰੇ ਸਕੈਨਰ ਅਤੇ ਸਰੀਰ ‘ਤੇ ਪਹਿਨੇ ਜਾਣ ਵਾਲੇ ਕੈਮਰੇ ਲਗਾਏ ਗਏ ਹਨ। ਇਹ ਸਾਰੇ ਸਿਸਟਮ ਏਆਈ ਸਮਰੱਥ ਹਨ, ਜੋ ਉੱਚ ਸੁਰੱਖਿਆ ਯੋਜਨਾਂ ਲਈ ਵਰਤੇ ਜਾ ਰਹੇ ਹਨ।
ਸਪੈਸ਼ਲ ਟਾਸਕ ਫੋਰਸ ਦੀ ਕਾਰਗੁਜ਼ਾਰੀ
ਸਪੈਸ਼ਲ ਟਾਸਕ ਫੋਰਸ ਨੇ 2024-25 (ਅਕਤੂਬਰ 2025 ਤੱਕ) ਵਿੱਚ ਲਗਭਗ 5,000-6,000 ਵੱਡੇ ਮਾਮਲੇ ਦਰਜ ਕੀਤੇ ਹਨ। ਫੋਰਸ ਦਾ ਮੁੱਖ ਧਿਆਨ ਹੈਰੋਇਨ ਅਤੇ ਅਫੀਮ ਦੀ ਤਸਕਰੀ ‘ਤੇ ਹੈ। ਹੁਣ ਤੱਕ 8,000 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸਾਲ ਵਿੱਚ 20 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ, ਜੋ ਕਿ ਅੰਤਰਰਾਸ਼ਟਰੀ ਸਰਹੱਦ ਪਾਰ ਪਾਕਿਸਤਾਨ ਤੋਂ ਆਈ ਸੀ।
ਸਰਕਾਰ ਦਾ ਮੁੱਖ ਲੱਖਿਆ ਹੈ ਕਿ ਨਸ਼ਿਆਂ ਦੇ ਵਿਰੋਧ ਵਿੱਚ ਟਾਸਕ ਫੋਰਸ ਦੀ ਕਾਰਗੁਜ਼ਾਰੀ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਈ ਜਾਵੇ। ਸੀ.ਸੀ.ਟੀ.ਵੀ. ਕੈਮਰੇ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਣਗੇ।