ਡਾਕਟਰੀ ਸਲਾਹ ਬਿਨ੍ਹਾਂ ਟੀ.ਬੀ.ਦੀ ਦਵਾਈ ਬੰਦ ਨਾ ਕੀਤੀ ਜਾਏ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਟੀ.ਬੀ. ਲਾਇਲਾਜ ਨਹੀਂ ਬਲਕਿ ਸਮੇਂ ਸਿਰ ਇਸ ਦੀ ਪਛਾਣ ਕਰ ਕੇ ਇਲਾਜ ਜਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰ ਬੀਰ ਕੌਰ ਨੇ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਟੀ.ਬੀ. ਐਲੀਮੀਨੇਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਸਿਹਤ ਕੇਂਦਰਾਂ ਵਿਚ ਟੀ.ਬੀ. ਦੀਆਂ ਦਵਾਈਆਂ, ਟੈਸਟ ਅਤੇ ਛਾਤੀ ਦੀ ਜਾਂਚ ਦੀ ਮੁਫਤ ਸਹੂਲਤ ਹੈ। ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਦੱਸਿਆ ਕਿ ਜਿਲੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾ ਵਿਚ ਡਾਟਸ ਕੇਂਦਰ ਸਥਾਪਿਤ ਕੀਤੇ ਗਏ ਹਨ 10 ਡੈਜੀਗਨੇਟਿਡ ਮਾਈਕ੍ਰੋਸਕੋਪਿਕ ਸੈਂਟਰ ਹਨ ਜਿੱਥੇ ਕਿ ਮੁਫਤ ਟੈਸਟ ਅਤੇ ਇਲਾਜ ਦੀ ਸਹੂਲਤ ਹੈ ਅਤੇ ਨਿਕਸ਼ੈ ਪੋਸ਼ਣ ਯੋਜਨਾ ਤਹਿਤ ਮਰੀਜ ਨੂੰ ਡਾਈਟ ਵਾਸਤੇ ਹਰ ਮਹੀਨੇ 500 ਰੁਪਏ ਉਸ ਦੇ ਅਕਾਊਂਟ ਵਿਚ ਪਾਏ ਜਾਂਦੇ ਹਨ । ਉੁਨ੍ਹਾਂ ਇਹ ਵੀ ਦੱਸਿਆ ਕਿ ਟੀ.ਬੀ. ਦੀ ਬੀਮਾਰੀ ਨੂੰ ਲੈ ਕੇ ਬਹੁਤ ਗਲਤ ਧਾਰਨਾਵਾਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ । ਇਹੀ ਨਹੀਂ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਟੀ.ਬੀ.ਦੀ ਦਵਾਈ ਮਾਹਰ ਡਾਕਟਰ ਦੀ ਦੇਖ ਰੇਖ ਹੇਠ ਹੀ ਖਾਧੀ ਜਾਏ ਅਤੇ ਉਸ ਦੀ ਸਲਾਹ ਤੋਂ ਬਿਨ੍ਹਾਂ ਦਵਾਈ ਦਾ ਕੋਰਸ ਮਰੀਜ ਵੱਲੋਂ ਵਿਚ ਵਿਚਾਲੇ ਹੀ ਬੰਦ ਨਾ ਕੀਤਾ ਜਾਏ। ਜਿਕਰਯੋਗ ਹੈ ਕਿ ਟੀ.ਬੀ. ਦੇ ਮਰੀਜ ਨੂੰ 6 ਮਹੀਨੇ ਤੱਕ ਦਵਾਈ ਦਾ ਕੋਰਸ ਕਰਨਾ ਜਰੂਰੀ ਹੁੰਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 2 ਹਫਤੇ ਤੋਂ ਜਿਆਦਾ ਖਾਂਸੀ, ਰਾਤ ਨੂੰ ਪਸੀਣਾ ਆਉਣਾ, ਬੁਖਾਰ, ਵਜਨ ਘੱਟਣਾ, ਭੁੱਖ ਨਾ ਲੱਗਣਾ ਇਸ ਦੇ ਲੱਛਣ ਹਨ। ਇਹ ਲੱਛਣ ਨਜਰ ਆਉਣ ਤੇ ਤੁਰੰਤ ਸਰਕਾਰੀ ਹਸਪਤਾਲ ਦੇ ਟੀ.ਬੀ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ।