ਵੈਲਿੰਗਟਨ: ਭਾਰਤ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ (WTC) 2027 ਦੇ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਨਿਊਜ਼ੀਲੈਂਡ ਨੇ ਪਹਿਲੇ ਟੈਸਟ ਦੇ ਆਖਰੀ ਦਿਨ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੈਚ ਡਰਾਅ ਕਰਵਾ ਲਿਆ।
ਡੈਰਿਲ ਮਿਚੇਲ ਅਤੇ ਗਲੇਨ ਫਿਲਿਪਸ ਨੇ ਭਾਰਤੀ ਗੇਂਦਬਾਜ਼ਾਂ ਨੂੰ ਵਿਕਟਾਂ ਲਈ ਤਰਸਾ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਬੇਹੱਦ ਸਬਰ ਅਤੇ ਸੰਜਮ ਨਾਲ ਖੇਡਦਿਆਂ ਆਪਣੀ ਟੀਮ ਨੂੰ ਹਾਰ ਤੋਂ ਬਚਾਇਆ।
ਆਖਰੀ ਦਿਨ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ 119 ਦੌੜਾਂ ‘ਤੇ ਦੋ ਵਿਕਟਾਂ ਤੋਂ ਅੱਗੇ ਸ਼ੁਰੂ ਕੀਤੀ। ਟੀਮ ਭਾਰਤ ਦੀ ਪਹਿਲੀ ਪਾਰੀ ਦੇ ਸਕੋਰ ਤੋਂ 233 ਦੌੜਾਂ ਪਿੱਛੇ ਸੀ।
ਭਾਰਤ ਨੂੰ ਪਹਿਲੇ ਸੈਸ਼ਨ ਵਿੱਚ ਦੋ ਸਫਲਤਾਵਾਂ ਮਿਲੀਆਂ। ਵਾਸ਼ਿੰਗਟਨ ਸੁੰਦਰ ਨੇ ਰਚਿਨ ਰਵਿੰਦਰ ਨੂੰ 37 ਦੌੜਾਂ ‘ਤੇ ਆਊਟ ਕੀਤਾ, ਜਦਕਿ ਪ੍ਰਸਿੱਧ ਕ੍ਰਿਸ਼ਨਾ ਨੇ 65 ਦੌੜਾਂ ਬਣਾਉਣ ਵਾਲੇ ਡੇਵੋਨ ਕਾਨਵੇ ਨੂੰ ਪੈਵੇਲੀਅਨ ਭੇਜਿਆ।
ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੂੰ ਵਿਕਟਾਂ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਅੰਸ਼ੁਲ ਕੰਬੋਜ ਨੇ ਟਾਮ ਬਲੰਡੇਲ ਨੂੰ 54 ਗੇਂਦਾਂ ਵਿੱਚ 15 ਦੌੜਾਂ ਦੇ ਸਕੋਰ ‘ਤੇ ਆਊਟ ਕੀਤਾ। ਦੂਜੇ ਸੈਸ਼ਨ ਵਿੱਚ ਭਾਰਤ ਨੂੰ ਇਹੀ ਇਕਲੌਤੀ ਸਫਲਤਾ ਮਿਲੀ।
ਡੈਰਿਲ ਮਿਚੇਲ 186 ਗੇਂਦਾਂ ‘ਤੇ 49 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਪਹਿਲੀ ਪਾਰੀ ਵਿੱਚ ਸੈਂਕੜਾ ਲਗਾਉਣ ਵਾਲੇ ਗਲੇਨ ਫਿਲਿਪਸ 126 ਗੇਂਦਾਂ ‘ਤੇ 26 ਦੌੜਾਂ ਬਣਾ ਕੇ ਨਾਬਾਦ ਰਹੇ।
ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ 259 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਭਾਰਤ ਨੂੰ ਹੋਰ ਵਿਕਟਾਂ ਹਾਸਲ ਕਰਨ ਤੋਂ ਰੋਕ ਦਿੱਤਾ। ਨਿਊਜ਼ੀਲੈਂਡ ਨੇ 120 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 239 ਦੌੜਾਂ ਬਣਾਈਆਂ ਅਤੇ ਮੈਚ ਡਰਾਅ ਕਰਵਾ ਲਿਆ।
ਇਸ ਨਤੀਜੇ ਨਾਲ ਭਾਰਤ ਲਈ WTC 2027 ਦੇ ਫਾਈਨਲ ਵਿੱਚ ਜਗ੍ਹਾ ਬਣਾਉਣਾ ਮੁਸ਼ਕਲ ਹੋ ਗਿਆ ਹੈ। ਭਾਰਤ ਨੂੰ ਆਪਣੇ ਬਾਕੀ ਸੱਤ ਮੈਚਾਂ ਵਿੱਚੋਂ ਛੇ ਜਿੱਤਣ ਦੀ ਲੋੜ ਸੀ।