ਹਵਾਈ ਅੱਡੇ ਤੇ ਵੀ ਕੀਤੇ ਗਏ ਸਖ਼ਤ ਪ੍ਰਬੰਧ
ਅੰਮ੍ਰਿਤਪਾਲ ਸਿੰਘ ਸ਼ਨੀਵਾਰ ਸਵੇਰੇ ਕਰੀਬ 8:30 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ। ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਪੁਲਸ ਨਿਗਰਾਨੀ ਹੇਠ ਅੰਦਰ ਹੀ ਰੱਖਿਆ ਗਿਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਹਵਾਈ ਅੱਡੇ ਦੇ ਸਬੰਧਤ ਹਿੱਸੇ ਨੂੰ ਰੱਸੀਆਂ ਲਗਾ ਕੇ ਘੇਰ ਲਿਆ ਅਤੇ ਆਵਾਜਾਈ ’ਤੇ ਨਿਗਰਾਨੀ ਰੱਖੀ। ਯਾਤਰੀਆਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਟੀਮ ਉਨ੍ਹਾਂ ਨੂੰ ਪਿੰਡ ਲਈ ਲੈ ਕੇ ਰਵਾਨਾ ਹੋ ਗਈ।
ਦੁਪਹਿਰ 12 ਤੋਂ 3 ਵਜੇ ਤੱਕ ਪਿੰਡ ਰਹਿਣ ਦੀ ਇਜਾਜ਼ਤ
ਅੰਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਦੀ ਅਦਾਲਤ ਨੇ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ਦਿੱਤੀ ਹੈ। ਅਦਾਲਤੀ ਹੁਕਮਾਂ ਅਨੁਸਾਰ ਉਹ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜੱਲੂਪੁਰ ਖੇੜਾ ਵਿੱਚ ਰਹਿ ਸਕਣਗੇ। ਪੈਰੋਲ ਦੀ ਮਿਆਦ ਪੂਰੀ ਹੋਣ ਮਗਰੋਂ ਪੁਲਸ ਉਨ੍ਹਾਂ ਨੂੰ ਵਾਪਸ ਅੰਮ੍ਰਿਤਸਰ ਹਵਾਈ ਅੱਡੇ ਲੈ ਕੇ ਆਵੇਗੀ।
ਨਿਰਧਾਰਤ ਉਡਾਣ ਦੇ ਪ੍ਰੋਗਰਾਮ ਮੁਤਾਬਕ ਉਨ੍ਹਾਂ ਨੇ ਸ਼ਾਮ 6:35 ਵਜੇ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਣਾ ਹੈ। ਇਹ ਉਡਾਣ ਰਾਤ 7:50 ਵਜੇ ਦਿੱਲੀ ਪਹੁੰਚੇਗੀ।
ਜੱਲੂਪੁਰ ਖੇੜਾ ’ਚ 800 ਪੁਲਸ ਮੁਲਾਜ਼ਮ ਤਾਇਨਾਤ
ਪਿੰਡ ਵਿੱਚ ਅੰਤਿਮ ਸਸਕਾਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਅਤੇ ਇਸ ਦੇ ਆਲੇ-ਦੁਆਲੇ ਕਰੀਬ 800 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੂਰੇ ਇਲਾਕੇ ਵਿੱਚ ਪੁਲਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ।
ਦਾਦੀ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ
ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੀ ਮ੍ਰਿਤਕ ਦੇਹ ਐਂਬੂਲੈਂਸ ਰਾਹੀਂ ਪਹਿਲਾਂ ਹੀ ਜੱਲੂਪੁਰ ਖੇੜਾ ਪਹੁੰਚਾ ਦਿੱਤੀ ਗਈ ਹੈ। ਪਰਿਵਾਰ ਵੱਲੋਂ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਪਰਿਵਾਰ ਅਤੇ ਤਾਲਮੇਲ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਮੌਕੇ ’ਤੇ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ।