ਇਹ ਹੁਕਮ ਡਿਪਟੀ ਕਮਿਸ਼ਨਰ ਆਫ਼ ਪੁਲਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਰਵਿੰਦਰਪਾਲ ਸਿੰਘ ਸੰਧੂ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ। ਇਹ ਪਾਬੰਦੀ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਸਮੁੱਚੇ ਅਧਿਕਾਰ ਖੇਤਰ ਵਿੱਚ ਲਾਗੂ ਹੋਵੇਗੀ।
ਨਿੱਜੀ ਵਾਹਨਾਂ ’ਤੇ ਸਾਇਰਨ ਤੇ ਸਟ੍ਰੋਬ ਲਾਈਟਾਂ ਦੀ ਵੀ ਮਨਾਹੀ
ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਸੀ ਕਿ ਸ਼ਹਿਰ ਵਿੱਚ ਕੁਝ ਨਿੱਜੀ ਅਤੇ ਗੈਰ-ਅਧਿਕਾਰਤ ਵਾਹਨਾਂ ’ਤੇ ਐਮਰਜੈਂਸੀ ਸੇਵਾਵਾਂ ਵਾਲੀਆਂ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਵਾਹਨਾਂ ਕਾਰਨ ਆਮ ਲੋਕਾਂ ਵਿੱਚ ਭੁਲੇਖਾ ਪੈਦਾ ਹੋਣ ਦੇ ਨਾਲ-ਨਾਲ ਆਵਾਜਾਈ ਪ੍ਰਬੰਧਾਂ ਵਿੱਚ ਵੀ ਵਿਘਨ ਪੈ ਸਕਦਾ ਹੈ। ਕਈ ਵਾਹਨ ਇਨ੍ਹਾਂ ਉਪਕਰਨਾਂ ਰਾਹੀਂ ਆਪਣੇ ਆਪ ਨੂੰ ਐਮਰਜੈਂਸੀ ਸੇਵਾਵਾਂ ਨਾਲ ਜੁੜਿਆ ਹੋਇਆ ਦਿਖਾਉਂਦੇ ਹਨ, ਜਿਸ ਨਾਲ ਲੋਕਾਂ ਦੀ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਹੋ ਸਕਦਾ ਹੈ।
ਹੁਕਮਾਂ ਅਨੁਸਾਰ ਨਿੱਜੀ ਵਾਹਨਾਂ ’ਤੇ ਬਾਜ਼ਾਰ ਤੋਂ ਲਗਵਾਈਆਂ ਜਾਣ ਵਾਲੀਆਂ ਤੇਜ਼ ਰੌਸ਼ਨੀ ਵਾਲੀਆਂ ਫਲੈਸ਼ਿੰਗ ਐਲਈਡੀ ਬਾਰਾਂ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਨਿਯਮਤ ਸਰਕਾਰੀ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਦੇ ਵਾਹਨਾਂ ਨੂੰ ਵੀ ਇਨ੍ਹਾਂ ਵਿਸ਼ੇਸ਼ ਲਾਈਟਾਂ ਅਤੇ ਹੂਟਰਾਂ ਦੀ ਵਰਤੋਂ ਦੀ ਆਮ ਛੋਟ ਨਹੀਂ ਹੋਵੇਗੀ।
ਐਮਰਜੈਂਸੀ ਸੇਵਾਵਾਂ ਤੇ ਵਿਸ਼ੇਸ਼ ਸਰਕਾਰੀ ਵਾਹਨਾਂ ਨੂੰ ਛੋਟ
ਪੁਲਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਵਰਗੇ ਅਧਿਕਾਰਤ ਐਮਰਜੈਂਸੀ ਵਾਹਨਾਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਡਿਊਟੀ ਦੌਰਾਨ ਉੱਚ ਅਧਿਕਾਰੀਆਂ ਅਤੇ ਅਤਿ ਮਹੱਤਵਪੂਰਨ ਵਿਅਕਤੀਆਂ (ਵੀਆਈਪੀਜ਼) ਨੂੰ ਲਿਜਾਣ ਲਈ ਨਿਰਧਾਰਤ ਵਾਹਨਾਂ ’ਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਪ੍ਰਸ਼ਾਸਨ ਵੱਲੋਂ ਜਾਰੀ ਇਹ ਹੁਕਮ 15 ਫਰਵਰੀ 2027 ਤੱਕ ਪ੍ਰਭਾਵੀ ਰਹਿਣਗੇ।