ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਸ ਨੂੰ ਦੇਣੀ ਪਵੇਗੀ ਜਾਣਕਾਰੀ
ਹੁਕਮਾਂ ਅਨੁਸਾਰ ਮਕਾਨ ਮਾਲਕ ਜਦੋਂ ਵੀ ਆਪਣਾ ਮਕਾਨ ਜਾਂ ਕੋਈ ਹੋਰ ਜਗ੍ਹਾ ਕਿਰਾਏ ’ਤੇ ਦੇਣਗੇ ਤਾਂ ਉਨ੍ਹਾਂ ਨੂੰ ਕਿਰਾਏਦਾਰ ਦਾ ਪੂਰਾ ਪਤਾ ਅਤੇ ਲੋੜੀਂਦੀ ਜਾਣਕਾਰੀ ਸਬੰਧਤ ਪੁਲਸ ਥਾਣੇ ਵਿੱਚ ਜਮ੍ਹਾਂ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਪੁਲਸ ਵੱਲੋਂ ਕਿਰਾਏਦਾਰ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਪੀਜੀ ਸੰਚਾਲਕਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ
ਸ਼ਹਿਰ ਵਿੱਚ ਚੱਲ ਰਹੇ ਪੀਜੀ (ਪੇਇੰਗ ਗੈਸਟ) ਸੰਚਾਲਕਾਂ ਨੂੰ ਸਰਾਏ ਐਕਟ-1867 ਤਹਿਤ ਆਪਣੇ ਪੀਜੀ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਦੇ ਨਾਲ ਹੀ ਪੀਜੀ ਵਿੱਚ ਰਹਿਣ ਵਾਲੇ ਲੜਕੇ-ਲੜਕੀਆਂ ਅਤੇ ਹੋਰ ਵਿਅਕਤੀਆਂ ਦਾ ਪੂਰਾ ਰਿਕਾਰਡ ਰੱਖਣਾ ਵੀ ਲਾਜ਼ਮੀ ਹੋਵੇਗਾ।
ਮੋਟਰਸਾਈਕਲਾਂ ਦੇ ਸਾਈਲੈਂਸਰਾਂ ਨਾਲ ਛੇੜਛਾੜ ’ਤੇ ਰੋਕ
ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿੱਚ ਤਕਨੀਕੀ ਤਬਦੀਲੀਆਂ ਕਰਕੇ ਤੇਜ਼ ਆਵਾਜ਼ ਜਾਂ ਪਟਾਕਿਆਂ ਵਰਗੀ ਆਵਾਜ਼ ਪੈਦਾ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਅਜਿਹੇ ਸਾਈਲੈਂਸਰਾਂ ਕਾਰਨ ਹੋਣ ਵਾਲੇ ਧੁਨੀ ਪ੍ਰਦੂਸ਼ਣ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਵੱਲ੍ਹਾ ਅਸਲਾ ਭੰਡਾਰ ਨੇੜੇ ਉਸਾਰੀ ਅਤੇ ਜਲਣਸ਼ੀਲ ਪਦਾਰਥਾਂ ’ਤੇ ਰੋਕ
ਵੱਲ੍ਹਾ ਸਥਿਤ ਅਸਲਾ ਭੰਡਾਰ ਦੇ ਆਲੇ-ਦੁਆਲੇ 1000 ਵਰਗ ਗਜ਼ ਦੇ ਖੇਤਰ ਵਿੱਚ ਜਲਣਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਬਿਨਾਂ ਅਧਿਕਾਰ ਉਸਾਰੀ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਫੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।
ਕੇਂਦਰੀ ਜੇਲ੍ਹ ਦੇ 500 ਮੀਟਰ ਦੇ ਘੇਰੇ ਵਿੱਚ ਡਰੋਨ ਨਹੀਂ ਉਡਾ ਸਕਣਗੇ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੇ 500 ਮੀਟਰ ਦੇ ਘੇਰੇ ਵਿੱਚ ਡਰੋਨ ਉਡਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਖੇਤਰ ਵਿੱਚ ਡਰੋਨ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ।
ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਆਉਣ ਵਾਲਿਆਂ ਦਾ ਰਿਕਾਰਡ ਰੱਖਣਾ ਹੋਵੇਗਾ
ਹੋਟਲਾਂ, ਸਰਾਵਾਂ, ਧਰਮਸ਼ਾਲਾਵਾਂ ਅਤੇ ਗੈਸਟ ਹਾਊਸਾਂ ਦੇ ਪ੍ਰਬੰਧਕਾਂ ਨੂੰ ਉੱਥੇ ਠਹਿਰਨ ਵਾਲੇ ਹਰੇਕ ਵਿਅਕਤੀ ਦਾ ਪਛਾਣ ਪੱਤਰ ਲੈਣਾ ਪਵੇਗਾ। ਇਸ ਦੇ ਨਾਲ ਸਬੰਧਤ ਵਿਅਕਤੀ ਦਾ ਨਾਮ, ਪਤਾ ਅਤੇ ਹੋਰ ਜ਼ਰੂਰੀ ਵੇਰਵੇ ਰਜਿਸਟਰ ਵਿੱਚ ਦਰਜ ਕਰਨੇ ਹੋਣਗੇ। ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਵਿਆਹਾਂ ਅਤੇ ਜਨਤਕ ਸਮਾਗਮਾਂ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਮਨ੍ਹਾਂ
ਪੁਲਸ ਦੇ ਹੁਕਮਾਂ ਅਨੁਸਾਰ ਜਨਤਕ ਸਮਾਗਮਾਂ, ਵਿਆਹ ਸਮਾਰੋਹਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਹਥਿਆਰ ਲਿਜਾਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਹਥਿਆਰਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਵਜਾਉਣ ਦੀ ਵੀ ਮਨਾਹੀ ਕੀਤੀ ਗਈ ਹੈ। ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਡੀਜੇ ਅਤੇ ਲਾਊਡਸਪੀਕਰ ਬੰਦ
ਧੁਨੀ ਪ੍ਰਦੂਸ਼ਣ ਨੂੰ ਰੋਕਣ ਲਈ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਡੀਜੇ, ਲਾਊਡਸਪੀਕਰ ਅਤੇ ਹੋਰ ਉੱਚੀ ਆਵਾਜ਼ ਪੈਦਾ ਕਰਨ ਵਾਲੇ ਯੰਤਰ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਸਮੇਂ ਦੌਰਾਨ ਕਿਸੇ ਵਿਸ਼ੇਸ਼ ਪ੍ਰੋਗਰਾਮ ਲਈ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਘਰੇਲੂ ਨੌਕਰ ਰੱਖਣ ਤੋਂ ਪਹਿਲਾਂ ਕਰਵਾਉਣੀ ਪਵੇਗੀ ਵੈਰੀਫਿਕੇਸ਼ਨ
ਘਰਾਂ ਵਿੱਚ ਕੰਮ ਕਰਨ ਲਈ ਨੌਕਰ ਜਾਂ ਹੋਰ ਸਹਾਇਕ ਰੱਖਣ ਵਾਲੇ ਲੋਕਾਂ ਨੂੰ ਵੀ ਪੁਲਸ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਪੂਰਾ ਪਤਾ ਅਤੇ ਹੋਰ ਲੋੜੀਂਦੀ ਜਾਣਕਾਰੀ ਨੇੜਲੇ ਪੁਲਸ ਥਾਣੇ ਵਿੱਚ ਦੇ ਕੇ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਇਸ ਦਾ ਮਕਸਦ ਘਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਯਕੀਨੀ ਬਣਾਉਣਾ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣਾ ਹੈ।