ਮ੍ਰਿਤਕ ਦੀ ਪਤਨੀ ਮੁਤਾਬਕ ਤਰਸੇਮ ਸਿੰਘ ਸਵੇਰੇ ਕਰੀਬ 6:30 ਵਜੇ ਚਾਹ ਪੀਣ ਤੋਂ ਬਾਅਦ ਘਰੋਂ ਨਿਕਲੇ ਸਨ। ਲਗਭਗ ਇਕ ਘੰਟੇ ਬਾਅਦ ਪਰਿਵਾਰ ਨੂੰ ਫੋਨ ਰਾਹੀਂ ਜਾਣਕਾਰੀ ਮਿਲੀ ਕਿ ਉਹ ਨਹਿਰ ਨੇੜੇ ਸੜਕ ’ਤੇ ਜ਼ਖ਼ਮੀ ਹਾਲਤ ਵਿੱਚ ਪਏ ਹਨ। ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਦੇ ਸਿਰ ਅਤੇ ਚਿਹਰੇ ਤੋਂ ਖੂਨ ਵਹਿ ਰਿਹਾ ਸੀ।
ਜੇਬ ’ਚੋਂ ਨਕਦੀ ਤੇ ਮੋਬਾਈਲ ਸੁਰੱਖਿਅਤ ਮਿਲੇ
ਪਰਿਵਾਰਕ ਮੈਂਬਰਾਂ ਅਨੁਸਾਰ ਮੌਕੇ ’ਤੇ ਤਰਸੇਮ ਸਿੰਘ ਦੀ ਜੇਬ ਵਿੱਚੋਂ ਕਰੀਬ 10,500 ਰੁਪਏ ਅਤੇ ਮੋਬਾਈਲ ਫੋਨ ਸੁਰੱਖਿਅਤ ਮਿਲੇ। ਉਨ੍ਹਾਂ ਦਾ ਮੋਟਰਸਾਈਕਲ ਵੀ ਉੱਥੇ ਹੀ ਮੌਜੂਦ ਸੀ, ਹਾਲਾਂਕਿ ਉਸ ਦਾ ਅਗਲਾ ਹਿੱਸਾ ਅਤੇ ਲਾਈਟ ਟੁੱਟੀ ਹੋਈ ਸੀ। ਨਕਦੀ ਅਤੇ ਮੋਬਾਈਲ ਸੁਰੱਖਿਅਤ ਮਿਲਣ ਕਾਰਨ ਪਰਿਵਾਰ ਨੇ ਘਟਨਾ ਦੇ ਹਾਲਾਤ ’ਤੇ ਸ਼ੱਕ ਜਤਾਇਆ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਪੁਲਸ ਵੱਲੋਂ ਹਰ ਪੱਖ ਤੋਂ ਜਾਂਚ
ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਕੋਟ ਖਾਲਸਾ ਦੇ ਰਹਿਣ ਵਾਲੇ ਸਨ। ਮੁੱਢਲੀ ਜਾਂਚ ਦੌਰਾਨ ਸਰੀਰ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਸਪੱਸ਼ਟ ਨਿਸ਼ਾਨ ਨਹੀਂ ਮਿਲੇ ਹਨ। ਪੁਲਸ ਵੱਲੋਂ ਦਿਲ ਦਾ ਦੌਰਾ ਪੈਣ, ਮੋਟਰਸਾਈਕਲ ਤੋਂ ਡਿੱਗਣ ਜਾਂ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਸਮੇਤ ਵੱਖ-ਵੱਖ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।
ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ ਮੌਤ ਦਾ ਕਾਰਨ
ਪੁਲਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਲੋੜੀਂਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਉੱਧਰ, ਪਰਿਵਾਰ ਨੇ ਨਹਿਰ ਕਿਨਾਰੇ ਪੁਲਸ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਹੈ।