ਨਵੀਂ ਦਿੱਲੀ :- ਦਿੱਲੀ ਦੀ ਸਾਕੇਤ ਅਦਾਲਤ ਨੇ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਇੱਕ ਵਾਰ ਫਿਰ ਜ਼ਮਾਨਤਯੋਗ ਵਾਰੰਟ ਜਾਰੀ ਕੀਤਾ ਹੈ। ਇਹ ਮਾਮਲਾ ਵਿਕਾਸ ਪਾਂਡੇ ਵੱਲੋਂ ਦਾਇਰ ਕੀਤੇ ਗਏ ਕਰੀਬ 8 ਸਾਲ ਪੁਰਾਣੇ ਅਪਰਾਧਿਕ ਮਾਣਹਾਨੀ ਕੇਸ ਨਾਲ ਸਬੰਧਤ ਹੈ। ਅਦਾਲਤ ਨੇ ਨਵਾਂ ਵਾਰੰਟ ਰਾਠੀ ਦੇ ਗੁਰੂਗ੍ਰਾਮ ਸਥਿਤ ਪਤੇ ’ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਨੂੰ ਹੋਵੇਗੀ।
ਪਹਿਲਾ ਵਾਰੰਟ ਵੀ ਨਹੀਂ ਪਹੁੰਚ ਸਕਿਆ ਸੀ ਰਾਠੀ ਤੱਕ
ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਵੀ ਅਦਾਲਤ ਨੇ ਧਰੁਵ ਰਾਠੀ ਖ਼ਿਲਾਫ਼ ਵਾਰੰਟ ਜਾਰੀ ਕੀਤਾ ਸੀ, ਪਰ ਇਹ ਆਸਟਰੀਆ ਦੇ ਗਲਤ ਪਤੇ ’ਤੇ ਭੇਜੇ ਜਾਣ ਕਾਰਨ ਉਨ੍ਹਾਂ ਤੱਕ ਨਹੀਂ ਪਹੁੰਚ ਸਕਿਆ। ਇਸ ਤੋਂ ਪਹਿਲਾਂ ਸੰਮਨ ਦੀ ਤਾਮੀਲ ਵੀ ਨਹੀਂ ਹੋ ਸਕੀ ਸੀ ਕਿਉਂਕਿ ਉਨ੍ਹਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਸ਼ਨੀਵਾਰ ਨੂੰ ਅਦਾਲਤ ਨੂੰ ਦੱਸਿਆ ਗਿਆ ਕਿ ਰਾਠੀ ਭਾਰਤ ਛੱਡ ਚੁੱਕੇ ਹਨ।
2019 ਤੋਂ ਸੰਮਨ ਭੇਜਣ ਵਿੱਚ ਆ ਰਹੀਆਂ ਮੁਸ਼ਕਲਾਂ
ਸ਼ਿਕਾਇਤਕਰਤਾ ਵਿਕਾਸ ਪਾਂਡੇ ਦਾ ਦੋਸ਼ ਹੈ ਕਿ ਧਰੁਵ ਰਾਠੀ ਦੇ ਲਗਾਤਾਰ ਭਾਰਤ ਤੋਂ ਬਾਹਰ ਰਹਿਣ ਕਾਰਨ ਮਾਮਲੇ ਦੀ ਸੁਣਵਾਈ ਵਿੱਚ ਦੇਰੀ ਹੋ ਰਹੀ ਹੈ। ਇਹ ਕੇਸ 2019 ਤੋਂ ਸੰਮਨ ਦੀ ਤਾਮੀਲ ਵਿੱਚ ਆ ਰਹੀਆਂ ਮੁਸ਼ਕਲਾਂ ਕਾਰਨ ਲੰਬਿਤ ਹੈ।
ਅਰਵਿੰਦ ਕੇਜਰੀਵਾਲ ਵੀ ਮਾਮਲੇ ਵਿੱਚ ਹੋ ਚੁੱਕੇ ਹਨ ਸ਼ਾਮਲ
ਇਹ ਮਾਮਲਾ ਅਰਵਿੰਦ ਕੇਜਰੀਵਾਲ ਵੱਲੋਂ ਧਰੁਵ ਰਾਠੀ ਦੀ ਇੱਕ ਵੀਡੀਓ ਨੂੰ ਰੀਟਵੀਟ ਕਰਨ ਨਾਲ ਵੀ ਜੁੜਿਆ ਹੋਇਆ ਹੈ। ਫਰਵਰੀ 2024 ਵਿੱਚ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਮੰਨਿਆ ਸੀ ਕਿ ਵੀਡੀਓ ਨੂੰ ਸਾਂਝਾ ਕਰਨਾ ਉਨ੍ਹਾਂ ਦੀ ਗਲਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਖ਼ਿਲਾਫ਼ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਦਿੱਲੀ ਹਾਈ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਕਥਿਤ ਅਪਮਾਨਜਨਕ ਸਮੱਗਰੀ ਨੂੰ ਰੀਟਵੀਟ ਕਰਨਾ ਵੀ ਮਾਣਹਾਨੀ ਦੇ ਦਾਇਰੇ ਵਿੱਚ ਆ ਸਕਦਾ ਹੈ।