ਜਲੰਧਰ :- ਜਲੰਧਰ ਦੇ ਪੱਛਮੀ ਹਲਕੇ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਪੁਲਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਸ ਵੱਲੋਂ ਨਸ਼ੇ ਦੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਰਾਜ ਨਗਰ ਪਹੁੰਚੀ, ਜਿੱਥੇ ਨਾਜਾਇਜ਼ ਸ਼ਰਾਬ ਦੇ ਗੋਦਾਮ ਵਿੱਚੋਂ 40 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ। ਇਸ ਦੇ ਨਾਲ ਇੱਕ ਮੈਡੀਕਲ ਸਟੋਰ ਨੂੰ ਵੀ ਸੀਲ ਕੀਤਾ ਗਿਆ ਹੈ।
ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਵਿੱਚ ਏਡੀਸੀਪੀ ਮਾਧਵੀ ਸ਼ਰਮਾ ਅਤੇ ਏਸੀਪੀ ਵੈਸਟ ਆਤਿਸ਼ ਭਾਟੀਆ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਵੱਲੋਂ 4 ਦੁਕਾਨਾਂ ਸੀਲ ਕੀਤੀਆਂ ਜਾ ਚੁੱਕੀਆਂ ਹਨ।
ਇੱਕ ਦੁਕਾਨ ਤੋਂ ਮਿਲੀਆਂ ਸਨ 1 ਲੱਖ ਤੋਂ ਵੱਧ ਗੋਲੀਆਂ
ਪੁਲਸ ਕਮਿਸ਼ਨਰ ਅਨੁਸਾਰ ਪੱਛਮੀ ਹਲਕੇ ਦੇ ਲੋਕਾਂ ਵੱਲੋਂ ਦੁਕਾਨਾਂ ਰਾਹੀਂ ਨਸ਼ੇ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਬਾਅਦ ਡਰੱਗ ਇੰਸਪੈਕਟਰ ਦੀ ਮਦਦ ਨਾਲ ਕੀਤੀ ਜਾਂਚ ਦੌਰਾਨ ਇੱਕ ਦੁਕਾਨ ਤੋਂ 1 ਲੱਖ ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ।
ਇੱਕ ਦਿਨ ਪਹਿਲਾਂ ਗੱਗੀ ਦੀ ਇਮਾਰਤ ਤੇ ਵੀ ਹੋਈ ਸੀ ਕਾਰਵਾਈ
ਇਸ ਤੋਂ ਇੱਕ ਦਿਨ ਪਹਿਲਾਂ ਪੁਲਸ ਕਮਿਸ਼ਨਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਗਗਨਦੀਪ ਉਰਫ਼ ਗੱਗੀ ਨਾਲ ਸਬੰਧਤ ਕਰੀਬ 70 ਸਾਲ ਪੁਰਾਣੀ ਇਮਾਰਤ ਦੇ ਗੈਰ-ਕਾਨੂੰਨੀ ਹਿੱਸੇ ਨੂੰ ਢਾਹਿਆ ਗਿਆ ਸੀ।
ਪੁਲਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰੀ ਵਿਰੁੱਧ ਇਹ ਮੁਹਿੰਮ ਜਾਰੀ ਰਹੇਗੀ ਅਤੇ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।