ਮਾਨਸਾ :- ਦੁਸਹਿਰੇ ਵਾਲੇ ਦਿਨ ਮਾਨਸਾ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਨੇ ਇਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਮਾਨਸਾ ਦੇ ਡਿਪਟੀ ਕਮਿਸ਼ਨਰ ਕੋਲ ਗੰਨਮੈਨ ਵਜੋਂ ਤਾਇਨਾਤ ਗੁਰਵਿੰਦਰ ਸਿੰਘ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਘਟਨਾ ਵਿੱਚ ਗੁਰਵਿੰਦਰ ਸਿੰਘ ਅਤੇ ਉਸ ਦੇ 17 ਸਾਲਾ ਪੁੱਤਰ ਜੋਤ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਇਕ ਹੋਰ ਪੁੱਤਰ ਦਿਲਸ਼ਾਨ ਜ਼ਖ਼ਮੀ ਹੋ ਗਏ।
ਦੋ ਜ਼ਖ਼ਮੀਆਂ ਨੂੰ ਬਠਿੰਡਾ ਕੀਤਾ ਰੈਫਰ
ਗੋਲੀਬਾਰੀ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਗੁਰਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਜੋਤ ਨੂੰ ਮ੍ਰਿਤਕ ਐਲਾਨ ਦਿੱਤਾ। ਹਰਪ੍ਰੀਤ ਕੌਰ ਅਤੇ ਦਿਲਸ਼ਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪਰਿਵਾਰਕ ਵਿਵਾਦ ਨੂੰ ਲੈ ਕੇ ਜਾਂਚ ਜਾਰੀ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਾਨਸਾ ਦੇ ਐੱਸ.ਐੱਸ.ਪੀ. ਵੈਭਵ ਚੌਧਰੀ ਨੇ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਗੋਲੀਬਾਰੀ ਪਿੱਛੇ ਪਰਿਵਾਰਕ ਵਿਵਾਦ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਨੇ ਘਟਨਾ ਵਿੱਚ ਵਰਤਿਆ ਗਿਆ ਸਰਕਾਰੀ ਹਥਿਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫੋਰੈਂਸਿਕ ਟੀਮ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਗੁਆਂਢਣ ਨੇ ਦੱਸਿਆ, ਮਦਦ ਲਈ ਲਗਾ ਰਹੀ ਸੀ ਗੁਹਾਰ
ਘਟਨਾ ਨਾਲ ਜੁੜੀ ਇਕ ਹੋਰ ਜਾਣਕਾਰੀ ਗੁਆਂਢ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਨੇ ਦਿੱਤੀ। ਉਸ ਮੁਤਾਬਕ, ਸਵੇਰੇ ਕਰੀਬ ਸਾਢੇ ਛੇ ਵਜੇ ਜ਼ਖ਼ਮੀ ਹਰਪ੍ਰੀਤ ਕੌਰ ਉਨ੍ਹਾਂ ਦੇ ਘਰ ਦੇ ਬਾਹਰ ਪਈ ਹੋਈ ਸੀ ਅਤੇ ਬਚਾਉਣ ਲਈ ਮਦਦ ਮੰਗ ਰਹੀ ਸੀ। ਪੁਲਸ ਵੱਲੋਂ ਹੁਣ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਮੁਲਾਜ਼ਮ ਦੋ ਦਿਨਾਂ ਤੋਂ ਛੁੱਟੀ ਤੇ ਸੀ
ਗੁਰਵਿੰਦਰ ਸਿੰਘ ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਗੰਨਮੈਨ ਵਜੋਂ ਤਾਇਨਾਤ ਸੀ। ਮਿਲੀ ਜਾਣਕਾਰੀ ਅਨੁਸਾਰ, ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ’ਤੇ ਚੱਲ ਰਿਹਾ ਸੀ। ਹਾਲਾਂਕਿ, ਪਰਿਵਾਰਕ ਵਿਵਾਦ ਦੇ ਕਾਰਨਾਂ ਅਤੇ ਗੋਲੀਬਾਰੀ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਪੁਲਸ ਜਾਂਚ ਤੋਂ ਬਾਅਦ ਹੀ ਹੋਰ ਤੱਥ ਸਾਹਮਣੇ ਆ ਸਕਣਗੇ।