ਮਾਨਸਾ :- ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਤੋਂ ਬਾਅਦ ਮੁਲਜ਼ਮ ਅਸ਼ਵਨੀ ਕੁਮਾਰ ਦੀ ਦਵਾਈਆਂ ਦੀ ਦੁਕਾਨ ਤੇ ਬੁਲਡੋਜ਼ਰ ਚਲਾਉਣ ਦੀ ਸੰਭਾਵਨਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਇਸ ਸਬੰਧੀ ਫ਼ੈਸਲਾ ਲੈ ਸਕਦੀ ਹੈ। ਇਸੇ ਦੁਕਾਨ ’ਤੇ ਝੋਟਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਹਾਲਾਂਕਿ, ਦੁਕਾਨ ਢਾਹੁਣ ਬਾਰੇ ਅਜੇ ਅੰਤਿਮ ਫ਼ੈਸਲੇ ਦੀ ਪੁਸ਼ਟੀ ਨਹੀਂ ਹੋਈ ਹੈ।
ਮੁਲਜ਼ਮ ਰਾਜਸਥਾਨ ਤੋਂ ਗ੍ਰਿਫ਼ਤਾਰ
ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਸ ਨੇ ਮੁੱਖ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। 13 ਅਕਤੂਬਰ ਨੂੰ ਮਾਨਸਾ ਵਿੱਚ ਹੋਏ ਇਸ ਕਤਲ ਦੀ ਘਟਨਾ ਦੌਰਾਨ ਝੋਟਾ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਘਟਨਾ ਦੀ ਵੀਡੀਓ ਫੇਸਬੁੱਕ ਲਾਈਵ ਦੌਰਾਨ ਵੀ ਸਾਹਮਣੇ ਆਈ ਸੀ।
ਪਰਿਵਾਰ ਵੱਲੋਂ ਅੰਤਿਮ ਸਸਕਾਰ ਕਰਨ ਤੋਂ ਇਨਕਾਰ
ਕਤਲ ਤੋਂ ਬਾਅਦ ਮਾਨਸਾ ਵਿੱਚ ਰੋਸ ਫੈਲ ਗਿਆ ਹੈ। ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੇ ਵਿਰੋਧ ਵਿੱਚ ਮਾਨਸਾ ਬੰਦ ਦਾ ਸੱਦਾ ਦਿੱਤਾ ਹੈ। ਝੋਟਾ ਦਾ ਪਰਿਵਾਰ ਅਜੇ ਉਸ ਦਾ ਅੰਤਿਮ ਸਸਕਾਰ ਕਰਨ ਲਈ ਤਿਆਰ ਨਹੀਂ ਹੈ। ਪਰਿਵਾਰ ਮਾਮਲੇ ਦੀ ਸੀਬੀਆਈ ਜਾਂਚ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ।