ਨਵੀਂ ਦਿੱਲੀ :- ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਬੁੱਧਵਾਰ ਨੂੰ 5 ਮੰਜ਼ਿਲਾ ਮਕਾਨ ਅਚਾਨਕ ਢਹਿ ਗਿਆ। ਹਾਦਸੇ ਵਿੱਚ 2 ਲੋਕ ਜ਼ਖ਼ਮੀ ਹੋਏ ਹਨ, ਜਦਕਿ ਕਈ ਹੋਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਪੁਲਸ ਅਤੇ ਬਚਾਅ ਟੀਮਾਂ ਵੱਲੋਂ ਮੌਕੇ ’ਤੇ ਰਾਹਤ ਕਾਰਜ ਜਾਰੀ ਹਨ।
ਦੁਪਹਿਰ 3:32 ਵਜੇ ਮਿਲੀ ਸੂਚਨਾ
ਫਾਇਰ ਵਿਭਾਗ ਨੂੰ ਮਕਾਨ ਡਿੱਗਣ ਦੀ ਸੂਚਨਾ ਦੁਪਹਿਰ 3:32 ਵਜੇ ਮਿਲੀ, ਜਿਸ ਤੋਂ ਬਾਅਦ ਬਚਾਅ ਟੀਮ ਮੌਕੇ ’ਤੇ ਪਹੁੰਚੀ। ਪੁਲਸ ਵੀ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ। ਮਲਬਾ ਹਟਾ ਕੇ ਅੰਦਰ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
2 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ਵਿੱਚ ਜ਼ਖ਼ਮੀ ਹੋਏ 2 ਲੋਕਾਂ ਨੂੰ ਐਂਬੂਲੈਂਸ ਰਾਹੀਂ ਰਾਜੀਵ ਗਾਂਧੀ ਹਸਪਤਾਲ ਲਿਜਾਇਆ ਗਿਆ ਹੈ। ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਤੇ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਬਚਾਅ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ।
ਸੀਮਾਪੁਰੀ ’ਚ ਆਵਾਜਾਈ ਪ੍ਰਭਾਵਿਤ
ਦਿੱਲੀ ਟ੍ਰੈਫਿਕ ਪੁਲਸ ਮੁਤਾਬਕ ਹਾਦਸੇ ਕਾਰਨ ਸੀਮਾਪੁਰੀ ਗੋਲ ਚੱਕਰ, ਡੀਐੱਲਐੱਫ ਭੋਪੁਰਾ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਮੌਕੇ ਨੇੜੇ ਨਾ ਰੁਕਣ, ਵਾਹਨ ਪਾਰਕ ਨਾ ਕਰਨ ਅਤੇ ਭੀੜ ਇਕੱਠੀ ਨਾ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਐਂਬੂਲੈਂਸ ਅਤੇ ਬਚਾਅ ਵਾਹਨਾਂ ਨੂੰ ਰਸਤਾ ਮਿਲ ਸਕੇ।