ਨਵੀਂ ਦਿੱਲੀ :- ਮੈਸੇਜਿੰਗ ਐਪ ਵਟਸਐਪ ਨੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੇਰੈਂਟਲ ਕੰਟਰੋਲ ਦੇ ਨਵੇਂ ਫੀਚਰ ਪੇਸ਼ ਕੀਤੇ ਹਨ। ਇਨ੍ਹਾਂ ਵਿਕਲਪਾਂ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦੀਆਂ ਕੁਝ ਪ੍ਰਾਈਵੇਸੀ ਸੈਟਿੰਗਾਂ, ਗਰੁੱਪ ਸਰਗਰਮੀਆਂ, ਚੈਨਲਾਂ ਅਤੇ ਮੈਟਾ ਏਆਈ ਨਾਲ ਜੁੜੇ ਤਜਰਬੇ ’ਤੇ ਵਧੇਰੇ ਨਿਗਰਾਨੀ ਰੱਖ ਸਕਣਗੇ।
ਮਾਪੇ ਤੈਅ ਕਰ ਸਕਣਗੇ ਪ੍ਰਾਈਵੇਸੀ ਸੈਟਿੰਗਾਂ
ਨਵੇਂ ਕੰਟਰੋਲਾਂ ਰਾਹੀਂ ਮਾਪਿਆਂ ਨੂੰ ਇਹ ਤੈਅ ਕਰਨ ਦਾ ਵਿਕਲਪ ਮਿਲੇਗਾ ਕਿ ਬੱਚੇ ਦੀ ਪ੍ਰੋਫਾਈਲ ਫੋਟੋ ਕੌਣ ਦੇਖ ਸਕਦਾ ਹੈ ਅਤੇ ਉਸ ਨੂੰ ਵਟਸਐਪ ਗਰੁੱਪ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ। ਜੇਕਰ ਕਿਸ਼ੋਰ ਇਨ੍ਹਾਂ ਸੈਟਿੰਗਾਂ ਵਿੱਚ ਆਪਣੀ ਮਰਜ਼ੀ ਨਾਲ ਤਬਦੀਲੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਮਾਪਿਆਂ ਵੱਲੋਂ ਤੈਅ ਕੀਤਾ ਪਿੰਨ ਦਰਜ ਕਰਨਾ ਹੋਵੇਗਾ।
ਗਰੁੱਪ ਦੀਆਂ ਸਰਗਰਮੀਆਂ ਬਾਰੇ ਵੀ ਮਿਲੇਗੀ ਜਾਣਕਾਰੀ
ਵਟਸਐਪ ਦੇ ਨਵੇਂ ਫੀਚਰਾਂ ਤਹਿਤ ਮਾਪਿਆਂ ਨੂੰ ਬੱਚੇ ਦੀਆਂ ਕੁਝ ਗਰੁੱਪ ਸਰਗਰਮੀਆਂ ਬਾਰੇ ਨੋਟੀਫਿਕੇਸ਼ਨ ਵੀ ਮਿਲ ਸਕੇਗਾ। ਬੱਚਾ ਕਿਸੇ ਗਰੁੱਪ ਵਿੱਚ ਸ਼ਾਮਲ ਹੁੰਦਾ ਹੈ ਜਾਂ ਉਸ ਨੂੰ ਛੱਡਦਾ ਹੈ ਤਾਂ ਮਾਪਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਗਰੁੱਪ ਵਿੱਚ ਮੈਂਬਰਾਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ ਤਾਂ ਵੀ ਨੋਟੀਫਿਕੇਸ਼ਨ ਮਿਲਣ ਦੀ ਸਹੂਲਤ ਹੋਵੇਗੀ।
ਚੈਨਲਾਂ ਅਤੇ ਸਟੇਟਸ ’ਤੇ ਵੀ ਕੰਟਰੋਲ
ਨਵੇਂ ਵਿਕਲਪਾਂ ਵਿੱਚ ਚੈਨਲਾਂ ਅਤੇ ਸਟੇਟਸ ਨਾਲ ਸਬੰਧਤ ਕੰਟਰੋਲ ਵੀ ਸ਼ਾਮਲ ਹਨ। ਮਾਪੇ ਇਹ ਤੈਅ ਕਰ ਸਕਣਗੇ ਕਿ ਬੱਚਾ ਕਿਹੜੇ ਸਟੇਟਸ ਅਪਡੇਟ ਦੇਖ ਸਕਦਾ ਹੈ। ਇਸ ਦੇ ਨਾਲ ਹੀ ਉਹ ਇਹ ਵੀ ਨਿਰਧਾਰਤ ਕਰ ਸਕਣਗੇ ਕਿ ਬੱਚੇ ਵੱਲੋਂ ਪਾਇਆ ਗਿਆ ਸਟੇਟਸ ਅਪਡੇਟ ਕੌਣ ਦੇਖ ਸਕਦਾ ਹੈ।
ਸੁਰੱਖਿਆ ਦੇ ਨਾਲ ਪ੍ਰਾਈਵੇਸੀ ਦਾ ਵੀ ਧਿਆਨ
ਕੰਪਨੀ ਮੁਤਾਬਕ ਇਨ੍ਹਾਂ ਫੀਚਰਾਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਮਾਪਿਆਂ ਅਤੇ ਕਿਸ਼ੋਰਾਂ ਵਿਚਾਲੇ ਮਿਲ ਕੇ ਵਟਸਐਪ ਦੀ ਵਰਤੋਂ ਨਾਲ ਸਬੰਧਤ ਫੈਸਲੇ ਕੀਤੇ ਜਾ ਸਕਣ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਕੰਟਰੋਲਾਂ ਦਾ ਮਕਸਦ ਬੱਚਿਆਂ ਦੀ ਆਨਲਾਈਨ ਸੁਰੱਖਿਆ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਗੱਲਬਾਤ ਦੀ ਪ੍ਰਾਈਵੇਸੀ ਨੂੰ ਵੀ ਬਣਾਈ ਰੱਖਣਾ ਹੈ।

