ਹਰਿਆਣਾ :- ਹਰਿਆਣਾ ਦੇ ਪਾਣੀਪਤ ’ਚ ਇੱਕ ਵਿਆਹੁਤਾ ਦੀ ਮੌਤ ਤੋਂ ਬਾਅਦ ਉਸ ਦਾ ਸਸਕਾਰ ਹੋਣ ਤੋਂ ਪਹਿਲਾਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਸ਼ਮਸ਼ਾਨ ਘਾਟ ਵਿੱਚ ਚਿਤਾ ’ਤੇ ਰੱਖੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕਾ ਦੀ ਮੌਤ ਦੋ ਦਿਨ ਪਹਿਲਾਂ ਤੇਜ਼ਾਬ ਪੀਣ ਤੋਂ ਬਾਅਦ ਇਲਾਜ ਦੌਰਾਨ ਹੋਈ ਸੀ। ਮਾਇਕੇ ਵਾਲਿਆਂ ਵੱਲੋਂ ਸਹੁਰੇ ਪਰਿਵਾਰ ’ਤੇ ਜ਼ਹਿਰ ਦੇ ਕੇ ਹੱਤਿਆ ਕਰਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ।
ਵਿਆਹ ਤੋਂ ਬਾਅਦ ਪਤੀ-ਪਤਨੀ ਵੱਖ ਰਹਿ ਰਹੇ ਸਨ
ਇਹ ਘਟਨਾ ਪਾਣੀਪਤ ਦੇ ਊਝਾ ਰੋਡ ਸਥਿਤ ਸਾਈਂ ਕਾਲੋਨੀ ਦੀ ਹੈ। ਮ੍ਰਿਤਕਾ ਦੀ ਪਛਾਣ 20 ਸਾਲਾ ਪੂਨਮ ਵਜੋਂ ਹੋਈ ਹੈ। ਉਸ ਦੇ ਪਤੀ ਵਿਸ਼ੂ ਮੁਤਾਬਕ ਦੋਵਾਂ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਪੂਨਮ ਦਾ ਸਹੁਰੇ ਪਰਿਵਾਰ ਨਾਲ ਮਨਮੁਟਾਅ ਰਹਿੰਦਾ ਸੀ, ਜਿਸ ਕਾਰਨ ਦੋਵੇਂ ਪਤੀ-ਪਤਨੀ ਵੱਖ ਰਹਿ ਰਹੇ ਸਨ। ਵਿਸ਼ੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੂਨਮ ਨੇ ਰਸੋਈ ਵਿੱਚ ਪਿਆ ਤੇਜ਼ਾਬ ਕਥਿਤ ਤੌਰ ’ਤੇ ਗਲਤੀ ਨਾਲ ਪੀ ਲਿਆ ਸੀ। ਹਾਲਤ ਵਿਗੜਨ ’ਤੇ ਉਸ ਨੂੰ ਰੋਹਤਕ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ।
ਇਲਾਜ ਦੌਰਾਨ ਹੋਈ ਮੌਤ, ਪੁਲਸ ਨੇ ਚਿਤਾ ਤੋਂ ਲਾਸ਼ ਚੁੱਕੀ
ਪੁਲਸ ਵੱਲੋਂ ਹਸਪਤਾਲ ਵਿੱਚ ਪੂਨਮ ਦੇ ਬਿਆਨ ਵੀ ਦਰਜ ਕੀਤੇ ਗਏ ਸਨ। ਇਨ੍ਹਾਂ ਬਿਆਨਾਂ ਵਿੱਚ ਉਸ ਨੇ ਤੇਜ਼ਾਬ ਗਲਤੀ ਨਾਲ ਪੀਣ ਦੀ ਗੱਲ ਕਹੀ ਸੀ। ਮੰਗਲਵਾਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੁੱਧਵਾਰ ਸਵੇਰੇ ਲਾਸ਼ ਘਰ ਲਿਆਂਦੀ ਗਈ ਅਤੇ ਪਰਿਵਾਰ ਵੱਲੋਂ ਸਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮਾਇਕੇ ਪੱਖ ਵੱਲੋਂ ਸਹੁਰੇ ਪਰਿਵਾਰ ’ਤੇ ਜ਼ਹਿਰ ਦੇ ਕੇ ਹੱਤਿਆ ਕਰਨ ਦੇ ਦੋਸ਼ ਲਗਾਏ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਸ਼ਮਸ਼ਾਨ ਘਾਟ ਪਹੁੰਚੀ ਅਤੇ ਚਿਤਾ ’ਤੇ ਰੱਖੀ ਪੂਨਮ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਮੁਤਾਬਕ ਹੁਣ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

