ਚੰਡੀਗੜ੍ਹ :- ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਸਪੱਸ਼ਟੀਕਰਨ ਮੰਗਿਆ ਹੈ। ਪੰਨੂ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਦਿਨ ਲੰਘ ਚੁੱਕੇ ਹਨ ਪਰ ਬਾਦਲ ਪਰਿਵਾਰ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ।
ਚਾਰ ਮੈਂਬਰੀ ਜਾਂਚ ਕਮੇਟੀ ਦੀ ਕਾਰਵਾਈ ’ਤੇ ਵੀ ਸਵਾਲ
ਬਲਤੇਜ ਪੰਨੂ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਮੀਡੀਆ ਅਤੇ ਸੰਗਤ ਵੱਲੋਂ ਸਵਾਲ ਉਠਾਏ ਜਾ ਰਹੇ ਹਨ, ਪਰ ਐਸਜੀਪੀਸੀ ਪ੍ਰਧਾਨ ਜਾਂ ਬਾਦਲ ਪਰਿਵਾਰ ਵੱਲੋਂ ਇਸ ਸਬੰਧੀ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ। ਉਨ੍ਹਾਂ ਐਸਜੀਪੀਸੀ ਵੱਲੋਂ ਬਣਾਈ ਚਾਰ ਮੈਂਬਰੀ ਜਾਂਚ ਕਮੇਟੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ। ਪੰਨੂ ਨੇ ਦੋਸ਼ ਲਾਇਆ ਕਿ ਕਮੇਟੀ ਬਣਾਉਣ ਦੀ ਕਾਰਵਾਈ ਨੂੰ ਮਾਮਲੇ ਦੀ ਜਾਂਚ ਨੂੰ ਸੀਮਤ ਕਰਨ ਲਈ ਵਰਤਿਆ ਜਾ ਰਿਹਾ ਹੈ।
ਮਹਿਲਾ ਦੇ ਖਾਤੇ ’ਚ 1 ਲੱਖ ਰੁਪਏ ਭੇਜਣ ਦਾ ਦਾਅਵਾ
‘ਆਪ’ ਆਗੂ ਨੇ ਦਾਅਵਾ ਕੀਤਾ ਕਿ ਚਾਵਲਾ ਮਾਮਲੇ ਨਾਲ ਸਬੰਧਤ ਮਹਿਲਾ ਦੇ ਬੈਂਕ ਖਾਤੇ ਵਿੱਚ ਐਸਜੀਪੀਸੀ ਦੇ ਸੈਕਟਰੀ ਦੇ ਖਾਤੇ ਤੋਂ 1 ਲੱਖ ਰੁਪਏ ਟਰਾਂਸਫਰ ਕੀਤੇ ਜਾਣ ਦੇ ਸਬੂਤ ਉਨ੍ਹਾਂ ਕੋਲ ਹਨ। ਉਨ੍ਹਾਂ ਇਸ ਲੈਣ-ਦੇਣ ਨੂੰ ਲੈ ਕੇ ਐਸਜੀਪੀਸੀ ਤੋਂ ਸਪੱਸ਼ਟ ਜਵਾਬ ਮੰਗਿਆ ਅਤੇ ਪੁੱਛਿਆ ਕਿ ਇਹ ਰਕਮ ਕਿਸ ਮਕਸਦ ਲਈ ਭੇਜੀ ਗਈ ਸੀ।
ਸੰਗਤ ਦੇ ਪੈਸਿਆਂ ਦੀ ਵਰਤੋਂ ਨੂੰ ਲੈ ਕੇ ਪਾਰਦਰਸ਼ਤਾ ਦੀ ਮੰਗ
ਪੰਨੂ ਨੇ ਸਵਾਲ ਕੀਤਾ ਕਿ ਸੰਗਤ ਵੱਲੋਂ ਸ਼ਰਧਾ ਨਾਲ ਦਿੱਤੇ ਜਾਂਦੇ ਦਸਵੰਧ ਦੇ ਪੈਸਿਆਂ ਦੀ ਵਰਤੋਂ ਇਸ ਮਾਮਲੇ ਵਿੱਚ ਕਿਸ ਉਦੇਸ਼ ਲਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਨਾਲ ਜੁੜੇ ਖਰਚਿਆਂ ਵਿੱਚ ਸੰਗਤ ਦੇ ਪੈਸੇ ਦੀ ਵਰਤੋਂ ਹੋਈ ਹੈ ਤਾਂ ਉਸ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਬਹਿਰੀਨ ਤੋਂ ਮਹਿਲਾ ਨੂੰ ਪੰਜਾਬ ਲਿਆਉਣ ’ਤੇ ਵੀ ਸਵਾਲ
ਬਲਤੇਜ ਪੰਨੂ ਨੇ ਮਾਮਲੇ ਨਾਲ ਸਬੰਧਤ ਮਹਿਲਾ ਨੂੰ ਬਹਿਰੀਨ ਤੋਂ ਪੰਜਾਬ ਲਿਆਉਣ ਦੇ ਫ਼ੈਸਲੇ ’ਤੇ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਮਹਿਲਾ ਨੂੰ ਪੰਜਾਬ ਲਿਆਉਣ ਦਾ ਫ਼ੈਸਲਾ ਕਿਸ ਵੱਲੋਂ ਲਿਆ ਗਿਆ ਅਤੇ ਉਸ ਨੂੰ ਐਸਜੀਪੀਸੀ ਦੀ ਸਰਾਂ ਵਿੱਚ ਰੱਖਣ ਦਾ ਮਕਸਦ ਕੀ ਸੀ। ਉਨ੍ਹਾਂ ਮਹਿਲਾ ਦੇ ਰਹਿਣ, ਸਹੂਲਤਾਂ ਅਤੇ ਹੋਰ ਖਰਚਿਆਂ ਲਈ ਵਰਤੇ ਗਏ ਪੈਸਿਆਂ ਦੇ ਸਰੋਤ ਬਾਰੇ ਵੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ।
ਕਿਹਾ-ਸਿਰਫ਼ ਕਮੇਟੀ ਬਣਾਉਣ ਨਾਲ ਮਾਮਲਾ ਹੱਲ ਨਹੀਂ ਹੋਵੇਗਾ
ਪੰਨੂ ਨੇ ਕਿਹਾ ਕਿ ਚਾਰ ਮੈਂਬਰੀ ਕਮੇਟੀ ਦਾ ਗਠਨ ਆਪਣੇ ਆਪ ਵਿੱਚ ਕਾਫ਼ੀ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾਵੇ ਅਤੇ ਜਾਂਚ ਰਿਪੋਰਟ ਨੂੰ ਵੀ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ।
ਐਸਜੀਪੀਸੀ ਦੇ ਕੰਮਕਾਜ ’ਚ ਪਾਰਦਰਸ਼ਤਾ ਦੀ ਮੰਗ
ਬਲਤੇਜ ਪੰਨੂ ਨੇ ਐਸਜੀਪੀਸੀ ਦੇ ਕੰਮਕਾਜ ਅਤੇ ਸੰਗਤ ਵੱਲੋਂ ਦਿੱਤੇ ਜਾਂਦੇ ਫੰਡਾਂ ਦੀ ਵਰਤੋਂ ਬਾਰੇ ਵੀ ਪਾਰਦਰਸ਼ਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦਸਵੰਧ ਅਤੇ ਹੋਰ ਫੰਡਾਂ ਦੀ ਵਰਤੋਂ ਬਾਰੇ ਸੰਗਤ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਪਹਿਲਾਂ ਉਠਾਏ ਗਏ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ’ਤੇ ਹੋਈ ਕਾਰਵਾਈ ਬਾਰੇ ਵੀ ਸਪੱਸ਼ਟ ਜਾਣਕਾਰੀ ਦੇਣ ਦੀ ਮੰਗ ਕੀਤੀ।
ਸਿੱਖ ਬੁੱਧੀਜੀਵੀਆਂ ਤੇ ਸੰਗਤ ਨੂੰ ਸਵਾਲ ਪੁੱਛਣ ਦੀ ਅਪੀਲ
ਪੰਨੂ ਨੇ ਸਿੱਖ ਬੁੱਧੀਜੀਵੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਨਾਲ ਜੁੜੇ ਸਵਾਲਾਂ ਦੇ ਸਪੱਸ਼ਟ ਜਵਾਬ ਮੰਗਣ। ਉਨ੍ਹਾਂ ਕਿਹਾ ਕਿ ਐਸਜੀਪੀਸੀ ਅਤੇ ਇਸ ਮਾਮਲੇ ਨਾਲ ਸਬੰਧਤ ਜ਼ਿੰਮੇਵਾਰ ਆਗੂਆਂ ਨੂੰ ਸਾਹਮਣੇ ਆ ਰਹੇ ਸਵਾਲਾਂ ਬਾਰੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

