ਨਸ਼ੀਲੇ ਪਦਾਰਥਾਂ ਦੇ ਮਾਮਲੇ ’ਚ ਸਾਊਦੀ ਅਦਾਲਤ ਦਾ ਫ਼ੈਸਲਾ, ਪਰਿਵਾਰ ਨੇ ਕੇਂਦਰ ਤੋਂ ਦਖ਼ਲ ਦੀ ਕੀਤੀ ਮੰਗ
ਪਠਾਨਕੋਟ :- ਪੰਜਾਬ ਦੇ ਪਠਾਨਕੋਟ ਨਾਲ ਸਬੰਧਤ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਸਾਊਦੀ ਅਰਬ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ’ਚ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਲਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਸ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਬਲਜਿੰਦਰ ਦੇ ਹੱਕ ਵਿਚ ਅੱਗੇ ਆਏ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਜੇਕਰ ਬਲਜਿੰਦਰ ਬੇਕਸੂਰ ਹੈ ਤਾਂ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।
ਦਿਲਜੀਤ ਦੋਸਾਂਝ ਨੇ ਸਰਕਾਰ ਨੂੰ ਕੀਤੀ ਦਖ਼ਲ ਦੀ ਅਪੀਲ
ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿਚ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਬਲਜਿੰਦਰ ਸਿੰਘ ਬੇਕਸੂਰ ਹੈ ਤਾਂ ਸਰਕਾਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਲਜਿੰਦਰ ਦਾ ਪਰਿਵਾਰ ਪੰਜਾਬ ਵਿਚ ਰਹਿੰਦਾ ਹੈ ਅਤੇ ਸਰਕਾਰ ਨੂੰ ਉਸ ਦੀ ਵਾਪਸੀ ਲਈ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ।
ਦ ਗ੍ਰੇਟ ਖਲੀ ਨੇ ਵੀ ਲੋਕਾਂ ਨੂੰ ਬਲਜਿੰਦਰ ਲਈ ਖੜ੍ਹੇ ਹੋਣ ਦੀ ਕੀਤੀ ਅਪੀਲ
ਇਸ ਮਾਮਲੇ ਵਿਚ ਭਾਰਤੀ ਪਹਿਲਵਾਨ ਦ ਗ੍ਰੇਟ ਖਲੀ ਨੇ ਵੀ ਵੀਡੀਓ ਜਾਰੀ ਕਰਕੇ ਬਲਜਿੰਦਰ ਸਿੰਘ ਦੀ ਮਦਦ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਰਗਰਮ ਲੋਕਾਂ ਨੂੰ ਬਲਜਿੰਦਰ ਦੇ ਮਾਮਲੇ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ। ਖਲੀ ਨੇ ਬਲਜਿੰਦਰ ਨੂੰ ਬੇਕਸੂਰ ਦੱਸਦਿਆਂ ਸਰਕਾਰ ਤੋਂ ਉਸ ਨੂੰ ਪਰਿਵਾਰ ਕੋਲ ਵਾਪਸ ਲਿਆਉਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ।
ਖਲੀ ਨੇ ਪਾਕਿਸਤਾਨੀ ਵਿਅਕਤੀ ’ਤੇ ਲਾਇਆ ਫਸਾਉਣ ਦਾ ਦੋਸ਼
ਖਲੀ ਵੱਲੋਂ ਜਾਰੀ ਵੀਡੀਓ ਵਿਚ ਦਾਅਵਾ ਕੀਤਾ ਗਿਆ ਕਿ ਬਲਜਿੰਦਰ ਸਿੰਘ ਨੂੰ ਇੱਕ ਪਾਕਿਸਤਾਨੀ ਵਿਅਕਤੀ ਨੇ ਕਥਿਤ ਤੌਰ ’ਤੇ ਫਸਾਇਆ। ਉਨ੍ਹਾਂ ਮੁਤਾਬਕ ਉਸ ਵਿਅਕਤੀ ਨੇ ਆਪਣੇ ਬਿਮਾਰ ਪਿਤਾ ਦਾ ਹਵਾਲਾ ਦੇ ਕੇ ਬਲਜਿੰਦਰ ਨੂੰ ਭਾਵੁਕ ਕੀਤਾ ਅਤੇ ਦਵਾਈ ਦੱਸ ਕੇ ਉਸ ਨੂੰ ਇੱਕ ਪੈਕੇਟ ਸਾਊਦੀ ਅਰਬ ਲਿਜਾਣ ਲਈ ਦਿੱਤਾ। ਖਲੀ ਨੇ ਕਿਹਾ ਕਿ ਬਲਜਿੰਦਰ ਦੇ ਮਾਮਲੇ ਵਿਚ ਮਨੁੱਖੀ ਆਧਾਰ ’ਤੇ ਮਦਦ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
ਅਵਿਨਾਸ਼ ਰਾਏ ਖੰਨਾ ਨੇ ਵਿਦੇਸ਼ ਮੰਤਰਾਲੇ ਕੋਲ ਮਾਮਲਾ ਚੁੱਕਿਆ
ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵੀ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਤੱਕ ਪਹੁੰਚਾਈ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲਾ ਸਾਊਦੀ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇ ਅਤੇ ਬਲਜਿੰਦਰ ਦੀ ਮਦਦ ਲਈ ਉਪਲਬਧ ਮਾਨਵਤਾਵਾਦੀ ਤੇ ਕੂਟਨੀਤਕ ਰਾਹਾਂ ’ਤੇ ਵਿਚਾਰ ਕੀਤਾ ਜਾਵੇ। ਖੰਨਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਵਿਦੇਸ਼ ਵਿਚ ਮੁਸ਼ਕਲ ਵਿਚ ਫਸੇ ਭਾਰਤੀ ਨਾਗਰਿਕ ਨੂੰ ਹਰ ਸੰਭਵ ਸਹਾਇਤਾ ਮਿਲਣੀ ਚਾਹੀਦੀ ਹੈ।
ਪਰਿਵਾਰ ਮੁਤਾਬਕ ਪੈਕੇਟ ’ਚ ਦਵਾਈਆਂ ਹੋਣ ਦੀ ਕਹਿ ਕੇ ਲਿਜਾਣ ਲਈ ਕਿਹਾ ਸੀ
ਬਲਜਿੰਦਰ ਸਿੰਘ ਦੇ ਪਰਿਵਾਰ ਅਨੁਸਾਰ ਉਹ ਸਾਮਾਨ ਦੀ ਢੋਆ-ਢੁਆਈ ਲਈ ਦੁਬਈ ਅਤੇ ਸਾਊਦੀ ਅਰਬ ਵਿਚਕਾਰ ਟਰੱਕ ਚਲਾਉਂਦਾ ਸੀ। ਪਰਿਵਾਰ ਦਾ ਦਾਅਵਾ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਦੁਬਈ ਵਿਚ ਕੰਮ ਕਰਨ ਵਾਲੇ ਇੱਕ ਜਾਣਕਾਰ ਨੇ ਉਸ ਨਾਲ ਸੰਪਰਕ ਕਰਕੇ ਸਾਊਦੀ ਅਰਬ ਇਕ ਪੈਕੇਟ ਲਿਜਾਣ ਦੀ ਬੇਨਤੀ ਕੀਤੀ। ਦੱਸਿਆ ਗਿਆ ਕਿ ਪੈਕੇਟ ਵਿਚ ਉਸ ਦੇ ਬਜ਼ੁਰਗ ਪਿਤਾ ਲਈ ਦਵਾਈਆਂ ਸਨ।
ਬਲਜਿੰਦਰ ਨੇ ਪਹਿਲਾਂ ਦੋ ਵਾਰ ਪੈਕੇਟ ਲਿਜਾਣ ਤੋਂ ਕੀਤਾ ਸੀ ਇਨਕਾਰ
ਬਲਜਿੰਦਰ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸ਼ੁਰੂ ਵਿਚ ਦੋ ਵਾਰ ਪੈਕੇਟ ਲਿਜਾਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਮੁਤਾਬਕ ਬਲਜਿੰਦਰ ਨੂੰ ਪੈਕੇਟ ਵਿਚ ਮੌਜੂਦ ਸਮਾਨ ਬਾਰੇ ਜਾਣਕਾਰੀ ਨਹੀਂ ਸੀ। ਇਸ ਤੋਂ ਬਾਅਦ ਸਾਹਮਣੇ ਆਏ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਵਿਚ ਉਸ ਨੂੰ ਸਾਊਦੀ ਅਰਬ ਦੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ। ਪਰਿਵਾਰ ਹੁਣ ਕੇਂਦਰ ਸਰਕਾਰ ਤੋਂ ਮਾਮਲੇ ਵਿਚ ਦਖ਼ਲ ਦੇ ਕੇ ਬਲਜਿੰਦਰ ਨੂੰ ਬਚਾਉਣ ਦੀ ਅਪੀਲ ਕਰ ਰਿਹਾ ਹੈ।

