ਅੱਜ ਦੁਪਹਿਰ 1 ਵਜੇ ਡੀਆਈਜੀ ਕੁਲਦੀਪ ਸਿੰਘ ਚਾਹਲ ਕਰਨਗੇ ਮਾਮਲੇ ਦਾ ਖੁਲਾਸਾ
ਬਰਨਾਲਾ :- ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਸੁਲਝਾਉਣ ਵੱਲ ਬਰਨਾਲਾ ਪੁਲਸ ਨੇ ਅਹਿਮ ਕਦਮ ਚੁੱਕਦਿਆਂ ਤਿੰਨ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਕਾਬੂ ਕੀਤੇ ਗਏ ਵਿਅਕਤੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਘਟਨਾ ਵਾਲੀ ਰਾਤ ਉਹ ਮੋਟਰਸਾਈਕਲਾਂ ਰਾਹੀਂ ਉੱਥੇ ਪਹੁੰਚੇ ਸਨ।
ਅਧਿਕਾਰਤ ਪੁਸ਼ਟੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ
ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਪੁਲਸ ਸੂਤਰਾਂ ਵੱਲੋਂ ਦਿੱਤੀ ਜਾ ਰਹੀ ਹੈ, ਪਰ ਫਿਲਹਾਲ ਕਿਸੇ ਸੀਨੀਅਰ ਜ਼ਿਲ੍ਹਾ ਪੁਲਸ ਅਧਿਕਾਰੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਪੁਲਸ ਵੱਲੋਂ ਮਾਮਲੇ ਨਾਲ ਜੁੜੇ ਤੱਥਾਂ ਨੂੰ ਇਕੱਠਾ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਦੁਪਹਿਰ 1 ਵਜੇ ਹੋਵੇਗੀ ਪ੍ਰੈੱਸ ਕਾਨਫ਼ਰੰਸ
ਮਾਮਲੇ ਸਬੰਧੀ ਪੁਲਸ ਵੱਲੋਂ ਅੱਜ ਦੁਪਹਿਰ 1 ਵਜੇ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਇਸ ਦੌਰਾਨ ਗੋਲੀਬਾਰੀ ਦੀ ਘਟਨਾ ਨਾਲ ਜੁੜੇ ਤੱਥਾਂ ਅਤੇ ਹੁਣ ਤੱਕ ਹੋਈ ਜਾਂਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਡੀਆਈਜੀ ਕੁਲਦੀਪ ਸਿੰਘ ਚਾਹਲ ਕਰਨਗੇ ਜਾਣਕਾਰੀ ਸਾਂਝੀ
ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਵੀ ਪ੍ਰੈੱਸ ਕਾਨਫ਼ਰੰਸ ’ਚ ਮੌਜੂਦ ਰਹਿਣਗੇ। ਪੁਲਸ ਵੱਲੋਂ ਕਾਬੂ ਕੀਤੇ ਗਏ ਸ਼ੱਕੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤੇ ਜਾਣ ਦੀ ਵੀ ਜਾਣਕਾਰੀ ਹੈ। ਇਸ ਮੌਕੇ ਘਟਨਾ ਪਿੱਛੇ ਦੱਸੀ ਜਾ ਰਹੀ ਸਾਜ਼ਿਸ਼ ਅਤੇ ਮਾਮਲੇ ਨਾਲ ਸਬੰਧਤ ਹੋਰ ਪਹਿਲੂਆਂ ਬਾਰੇ ਪੁਲਸ ਵੱਲੋਂ ਖੁਲਾਸਾ ਕੀਤਾ ਜਾਵੇਗਾ।

