ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਹਲਕੇ ਅਧੀਨ ਪਿੰਡ ਘੜਿਆਲਾ ਵਿੱਚ 28 ਸਾਲਾ ਨੌਜਵਾਨ ਸੁਖਪਾਲ ਸਿੰਘ ਉਰਫ਼ ਜੱਜ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਨਸ਼ੇ ਦੀ ਕਥਿਤ ਵਿਕਰੀ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਹਨ। ਮ੍ਰਿਤਕ ਦਰਬਾਰਾ ਸਿੰਘ ਦਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਸੁਖਪਾਲ ਸਿੰਘ ਦੀ ਮੌਤ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਹੋਈ।
ਪਤਨੀ ਤੇ ਮਾਂ ਨੇ ਪਿੰਡ ਵਿੱਚ ਨਸ਼ਾ ਵਿਕਣ ਦੇ ਲਾਏ ਦੋਸ਼
ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਮਾਂ ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਨਸ਼ਾ ਕਥਿਤ ਤੌਰ ’ਤੇ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਵਿਕਰੀ ਕਾਰਨ ਪਿੰਡ ਦੇ ਨੌਜਵਾਨ ਵੀ ਇਸ ਧੰਦੇ ਨਾਲ ਜੁੜ ਰਹੇ ਹਨ। ਪਰਿਵਾਰ ਨੇ ਦਾਅਵਾ ਕੀਤਾ ਕਿ ਪਿੰਡ ਦੇ ਕੁਝ ਹਿੱਸਿਆਂ ਵਿੱਚ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ।
ਪੁਲਸ ਤੇ ਪ੍ਰਭਾਵਸ਼ਾਲੀ ਕਾਰਵਾਈ ਨਾ ਕਰਨ ਦੇ ਦੋਸ਼
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਧਰਤੀ ਤ੍ਰਿਸ਼ਨਾ ਦੇ ਵੇਦਾ, ਮੱਖੀ ਵਾਲੇ ਵੇਦਾ ਅਤੇ ਪਿੰਡ ਦੇ ਵਿਚਕਾਰ ਪੀਰ ਦੇ ਸਥਾਨ ਦੇ ਆਲੇ-ਦੁਆਲੇ ਨਸ਼ੇ ਦੀ ਕਥਿਤ ਵਿਕਰੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਇਸ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰਿਵਾਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨਗੇ, ਪਰ ਇਸ ਮਾਮਲੇ ਵਿੱਚ ਪੁਲਸ ਨੂੰ ਸੂਚਿਤ ਨਹੀਂ ਕਰਨਗੇ। ਉਨ੍ਹਾਂ ਪੁਲਸ ਤੋਂ ਕਾਰਵਾਈ ਦੀ ਉਮੀਦ ਨਾ ਹੋਣ ਦੀ ਗੱਲ ਵੀ ਕਹੀ ਅਤੇ ਦੋਸ਼ ਲਾਇਆ ਕਿ ਸ਼ਿਕਾਇਤ ਕਰਨ ਤੋਂ ਬਾਅਦ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

