ਲੁਧਿਆਣਾ: ਲੁਧਿਆਣਾ ਵਿਖੇ ਐਤਵਾਰ ਨੂੰ ਆਤਮ ਨਗਰ ਪੁਲਿਸ ਚੌਕੀ ਨੇੜੇ ਹੋਏ ਇੱਕ ਪੁਲਿਸ ਮੁਕਾਬਲੇ ਦੌਰਾਨ ਡੋਨੀ ਬਲ ਗੈਂਗ ਨਾਲ ਜੁੜੇ ਦੋ ਕਥਿਤ ਸ਼ੂਟਰ ਮਾਰੇ ਗਏ। ਪੁਲਿਸ ਦਾ ਦਾਅਵਾ ਹੈ ਕਿ ਇਹ ਸ਼ੂਟਰ ਨੇੜੇ ਹੀ ਲਗਾਏ ਗਏ ਖ਼ੂਨਦਾਨ ਕੈਂਪ ਦੇ ਪ੍ਰਬੰਧਕਾਂ ’ਤੇ ਹਮਲਾ ਕਰਨ ਦੀ ਫ਼ਿਰਾਕ ਵਿੱਚ ਸਨ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਨੁਸਾਰ ਇਹ ਕਾਰਵਾਈ ਲੁਧਿਆਣਾ ਪੁਲਿਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਸਾਂਝੇ ਤੌਰ ’ਤੇ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁੱਠਭੇੜ ਕਾਰਨ ਦੁਗਰੀ ਰੋਡ ਸਥਿਤ ਮੈਰੀਲੈਂਡ ਪੈਲੇਸ ਵਿਖੇ ਸਾਬਕਾ ਸਰਪੰਚ ਰਵੀ ਖਵਾਜਕੇ ਦੀ ਯਾਦ ਵਿੱਚ ਲਗਾਏ ਗਏ ਖ਼ੂਨਦਾਨ ਕੈਂਪ ’ਤੇ ਹੋਣ ਵਾਲਾ ਇੱਕ ਵੱਡਾ ਹਮਲਾ ਟਲ ਗਿਆ।
ਪੁਲਿਸ ਨੇ ਦੱਸਿਆ ਕਿ ਖਵਾਜਕੇ ਦਾ 2016 ਵਿੱਚ ਗੈਂਗਵਾਰ ਦੀ ਰੰਜਿਸ਼ ਕਾਰਨ ਕਤਲ ਕਰ ਦਿੱਤਾ ਗਿਆ ਸੀ।
ਪਿੱਛਾ ਕਰਨ ਦੌਰਾਨ ਸ਼ੱਕੀਆਂ ਨੇ ਚਲਾਈਆਂ ਗੋਲੀਆਂ
ਪੁਲਿਸ ਅਨੁਸਾਰ ਸੰਭਾਵੀ ਹਮਲੇ ਦੀਆਂ ਖ਼ੁਫ਼ੀਆ ਸੂਚਨਾਵਾਂ ਦੇ ਆਧਾਰ ’ਤੇ ਟੀਮਾਂ ਨੇ ਆਤਮ ਪਾਰਕ ਅੰਡਰਬ੍ਰਿਜ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ।
ਦੋਵੇਂ ਸ਼ੱਕੀ ਇੱਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ’ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ।
ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਪਿੱਛਾ ਕਰਨ ਦੌਰਾਨ ਵੀ ਸ਼ੱਕੀਆਂ ਨੇ ਲਗਾਤਾਰ ਫ਼ਾਇਰਿੰਗ ਜਾਰੀ ਰੱਖੀ, ਜਿਸ ਵਿੱਚ ਦੋ ਗੋਲੀਆਂ ਪੁਲਿਸ ਦੀ ਗੱਡੀ ’ਤੇ ਲੱਗੀਆਂ।
ਇਸ ਮਗਰੋਂ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਫ਼ਾਇਰਿੰਗ ਕੀਤੀ, ਜਿਸ ਦੌਰਾਨ ਦੋਵੇਂ ਸ਼ੱਕੀ ਮੌਕੇ ’ਤੇ ਹੀ ਢੇਰ ਹੋ ਗਏ।
ਅਸਲਾ ਤੇ ਕਾਰਤੂਸ ਬਰਾਮਦ
ਮਾਰੇ ਗਏ ਮੁਲਜ਼ਮਾਂ ਦੀ ਪਛਾਣ ਕਰਨਜੋਤ ਸਿੰਘ ਉਰਫ਼ ਨੋਨਾ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ।
ਪੁਲਿਸ ਨੇ ਘਟਨਾ ਸਥਾਨ ਤੋਂ ਤਿੰਨ ਆਟੋਮੈਟਿਕ ਪਿਸਤੌਲ ਅਤੇ ਲਗਭਗ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਸ਼ਰਮਾ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਸ਼ੂਟਰ ਸਿੱਧੇ ਤੌਰ ’ਤੇ ਗੈਂਗਸਟਰ ਡੋਨੀ ਬਲ ਦੇ ਸੰਪਰਕ ਵਿੱਚ ਸਨ।
ਦੋਵਾਂ ਖ਼ਿਲਾਫ਼ ਦਰਜ ਸਨ ਅਪਰਾਧਿਕ ਮੁਕੱਦਮੇ
ਪੁਲਿਸ ਕਮਿਸ਼ਨਰ ਵੱਲੋਂ ਸਾਂਝੇ ਕੀਤੇ ਗਏ ਰਿਕਾਰਡ ਅਨੁਸਾਰ ਕਰਨਜੋਤ ਹਿਸਟਰੀ-ਸ਼ੀਟਰ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ, ਡਕੈਤੀ ਅਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਦੋ ਅਪਰਾਧਿਕ ਕੇਸ ਦਰਜ ਸਨ।
ਪੁਲਿਸ ਨੇ ਦੱਸਿਆ ਕਿ ਸੰਦੀਪ ਖ਼ਿਲਾਫ਼ ਵੀ ਇੱਕ ਅਪਰਾਧਿਕ ਮਾਮਲਾ ਦਰਜ ਸੀ।
ਜਾਂਚ ਟੀਮਾਂ ਹੁਣ ਇਨ੍ਹਾਂ ਦੋਵਾਂ ਨਾਲ ਜੁੜੇ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਸਾਥੀਆਂ ਦੀ ਸ਼ਨਾਖ਼ਤ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਹੋਰ ਸਾਥੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

