ਨਵੀਂ ਦਿੱਲੀ :- ਲੇਹ- ਸਿੰਧੂ ਜਲ ਸੰਧੀ ਦੇ ਨਿਲੰਬਨ ਦਰਮਿਆਨ ਲੱਦਾਖ ਵਿੱਚ ਸਿੰਧੂ ਦਰਿਆ ਦੇ ਪਾਣੀ ਦੀ ਵਰਤੋਂ ਨੂੰ ਲੈ ਕੇ ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਲੇਹ ਜ਼ਿਲ੍ਹੇ ਦੇ ਉਪਸ਼ੀ ਇਲਾਕੇ ਵਿੱਚ ਸਿਰਫ਼ ਕੁਦਰਤੀ ਪੱਥਰਾਂ ਦੀ ਵਰਤੋਂ ਕਰਕੇ ਚੈੱਕ ਡੈਮ ਤਿਆਰ ਕੀਤਾ ਗਿਆ ਹੈ। ਇਸ ਢਾਂਚੇ ਕਾਰਨ ਸਿੰਧੂ ਦਰਿਆ ਦਾ ਪਾਣੀ ਪੱਧਰ ਲਗਭਗ 10 ਫੁੱਟ ਉੱਪਰ ਆ ਗਿਆ ਹੈ। ਇਸ ਨਾਲ ਕਰੀਬ 4 ਕਰੋੜ ਲੀਟਰ ਪਾਣੀ ਇਕੱਠਾ ਕਰਨ ਦੇ ਨਾਲ ਇਸ ਨੂੰ ਸਿੰਚਾਈ ਨਹਿਰ ਰਾਹੀਂ ਨੇੜਲੇ ਖੇਤਾਂ ਤੱਕ ਪਹੁੰਚਾਉਣਾ ਸੰਭਵ ਹੋਇਆ ਹੈ।
ਸੀਮੈਂਟ ਤੇ ਕੰਕਰੀਟ ਤੋਂ ਬਿਨਾਂ ਬਣਾਇਆ ਢਾਂਚਾ
ਉਪਸ਼ੀ ਵਿਖੇ ਬਣਾਏ ਗਏ ਇਸ ਚੈੱਕ ਡੈਮ ਦੀ ਖਾਸੀਅਤ ਇਹ ਹੈ ਕਿ ਇਸ ਦੀ ਉਸਾਰੀ ਵਿੱਚ ਸੀਮੈਂਟ ਜਾਂ ਕੰਕਰੀਟ ਦੀ ਵਰਤੋਂ ਨਹੀਂ ਕੀਤੀ ਗਈ। ਪੱਥਰਾਂ ਨਾਲ ਤਿਆਰ ਕੀਤੇ ਇਸ ਢਾਂਚੇ ਰਾਹੀਂ ਦਰਿਆ ਦੇ ਵਹਾਅ ਨੂੰ ਰੋਕ ਕੇ ਪਾਣੀ ਦਾ ਪੱਧਰ ਉੱਪਰ ਕੀਤਾ ਗਿਆ ਹੈ। ਇਸ ਪਾਣੀ ਨੂੰ ਸਿੰਚਾਈ ਲਈ ਵਰਤਣ ਵਾਸਤੇ ਖੇਤਾਂ ਤੱਕ ਲਿਜਾਇਆ ਜਾ ਰਿਹਾ ਹੈ।
ਸਿੰਧੂ ਨੇੜੇ ਹੋਣ ਦੇ ਬਾਵਜੂਦ ਖੇਤ ਰਹਿੰਦੇ ਸਨ ਸੁੱਕੇ
ਲੱਦਾਖ ਵਿੱਚ ਸਿੰਧੂ ਦਰਿਆ ਦੀ ਮੌਜੂਦਗੀ ਦੇ ਬਾਵਜੂਦ ਇਲਾਕੇ ਦੇ ਕਿਸਾਨਾਂ ਲਈ ਇਸ ਦਾ ਪਾਣੀ ਖੇਤਾਂ ਤੱਕ ਪਹੁੰਚਾਉਣਾ ਵੱਡੀ ਚੁਣੌਤੀ ਰਿਹਾ ਹੈ। ਦਰਿਆ ਕਾਫ਼ੀ ਡੂੰਘੀਆਂ ਘਾਟੀਆਂ ਵਿਚੋਂ ਲੰਘਦਾ ਹੈ, ਜਿਸ ਕਾਰਨ ਖੇਤੀਬਾੜੀ ਲਈ ਇਸ ਵਿੱਚੋਂ ਪਾਣੀ ਕੱਢਣਾ ਆਸਾਨ ਨਹੀਂ ਸੀ। ਖਾਸ ਕਰਕੇ ਬਿਜਾਈ ਦੇ ਸਮੇਂ ਪੰਪਾਂ ਰਾਹੀਂ ਪਾਣੀ ਚੁੱਕਣਾ ਮੁਸ਼ਕਲ ਹੁੰਦਾ ਸੀ।
ਹੁਣ ਚੈੱਕ ਡੈਮ ਬਣਨ ਨਾਲ ਪਾਣੀ ਦਾ ਪੱਧਰ ਲਗਭਗ 10 ਫੁੱਟ ਉੱਪਰ ਹੋ ਗਿਆ ਹੈ। ਇਸ ਕਾਰਨ ਪਾਣੀ ਨੂੰ ਸਿੰਚਾਈ ਨਹਿਰ ਰਾਹੀਂ ਖੇਤਾਂ ਤੱਕ ਲਿਜਾਣ ਦਾ ਰਸਤਾ ਆਸਾਨ ਹੋਇਆ ਹੈ। ਭਾਵੇਂ ਇਸ ਢਾਂਚੇ ਤੋਂ ਬਿਜਲੀ ਪੈਦਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਖੇਤੀਬਾੜੀ ਲਈ ਪਾਣੀ ਦੀ ਉਪਲਬਧਤਾ ਵਧਣ ਨਾਲ ਸਥਾਨਕ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ।
36 ਹੋਰ ਚੈੱਕ ਡੈਮ ਬਣਾਉਣ ਦੀ ਤਿਆਰੀ
ਉਪਸ਼ੀ ਵਿੱਚ ਮਿਲੇ ਨਤੀਜੇ ਤੋਂ ਬਾਅਦ ਲੱਦਾਖ ਪ੍ਰਸ਼ਾਸਨ ਵੱਲੋਂ ਸਿੰਧੂ ਦਰਿਆ ਸਮੇਤ ਹੋਰ ਜਲ ਸਰੋਤਾਂ ’ਤੇ ਵੀ ਇਸੇ ਤਰ੍ਹਾਂ ਦੇ ਢਾਂਚੇ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਕੋਲ 36 ਹੋਰ ਚੈੱਕ ਡੈਮ ਬਣਾਉਣ ਦਾ ਪ੍ਰਸਤਾਵ ਭੇਜਿਆ ਹੈ। ਇਨ੍ਹਾਂ ਪ੍ਰਾਜੈਕਟਾਂ ’ਤੇ 56 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਸਿੰਧੂ ਜਲ ਸੰਧੀ ਦੇ ਨਿਲੰਬਨ ਤੋਂ ਬਾਅਦ ਪਹਿਲਕਦਮੀ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਨਿਲੰਬਿਤ ਕੀਤੇ ਜਾਣ ਦੇ ਪਿਛੋਕੜ ਵਿੱਚ ਲੱਦਾਖ ਵਿੱਚ ਪਾਣੀ ਦੀ ਵਰਤੋਂ ਨਾਲ ਜੁੜੀ ਇਹ ਪਹਿਲਕਦਮੀ ਸਾਹਮਣੇ ਆਈ ਹੈ। ਹਾਲ ਹੀ ਵਿੱਚ ਐਸ.ਸੀ.ਓ. ਸੰਮੇਲਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਵੀ ਸਿੰਧੂ ਜਲ ਸੰਧੀ ਦਾ ਮੁੱਦਾ ਉਠਾਇਆ ਗਿਆ ਸੀ।
ਇਸ ਤੋਂ ਪਹਿਲਾਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ ‘ਸਿੰਧੂ ਜਲ ਸਮ੍ਰਿੱਧੀ ਅਭਿਆਨ’ ਤਹਿਤ ਇਸ ਪ੍ਰਾਜੈਕਟ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਸੀ।

