ਅੰਮ੍ਰਿਤਸਰ :- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਦੇਰ ਰਾਤ ਇੱਕ ਨਿਹੰਗ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਬਾਬਾ ਬਕਾਲਾ ਸਿਵਲ ਹਸਪਤਾਲ ਦੇ ਪਿੱਛੇ ਇੱਕ ਸੁੰਨਸਾਨ ਥਾਂ ਤੋਂ ਮਿਲੀ। ਮ੍ਰਿਤਕ ਦੇ ਸੀਨੇ ’ਤੇ ਗੋਲੀਆਂ ਦੇ ਕਈ ਨਿਸ਼ਾਨ ਪਾਏ ਗਏ ਹਨ।
ਪਿੰਡ ਮਿਗਲਾਨੀ ਦੇ ਨੌਜਵਾਨ ਵਜੋਂ ਹੋਈ ਪਛਾਣ
ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਪਿੰਡ ਮਿਗਲਾਨੀ ਵਾਸੀ ਸਰਬਜੀਤ ਸਿੰਘ ਦੇ ਪੁੱਤਰ ਰਾਜਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਾ ਸਿੰਘ ਨਿਹੰਗ ਬਾਣੇ ਵਿੱਚ ਸ਼ੁੱਕਰਵਾਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ ਸੀ।
ਹਸਪਤਾਲ ਪਿੱਛੇ ਸੁੰਨਸਾਨ ਥਾਂ ਤੇ ਮਿਲੀ ਲਾਸ਼
ਦੇਰ ਰਾਤ ਹਸਪਤਾਲ ਦੇ ਪਿੱਛਲੇ ਪਾਸੇ ਸੁੰਨਸਾਨ ਇਲਾਕੇ ਵਿੱਚ ਰਾਜਾ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਪੁਲਿਸ
ਘਟਨਾ ਦੇ ਕਾਰਨਾਂ ਅਤੇ ਹੱਤਿਆ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾਉਣ ਲਈ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਣ ਲਈ ਜਾਂਚ ਅੱਗੇ ਵਧਾ ਰਹੀ ਹੈ। ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

