ਨਵੀਂ ਦਿੱਲੀ :- ਨੇਪਾਲ ਵਿਚ ਭਿਆਨਕ ਹੜ੍ਹਾਂ ਤੋਂ ਬਾਅਦ ਜਾਰੀ ਰਾਹਤ ਤੇ ਬਚਾਅ ਕਾਰਜਾਂ ਦਰਮਿਆਨ 288 ਭਾਰਤੀ ਨਾਗਰਿਕਾਂ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਨੇਪਾਲ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਤੱਕ ਸਹਾਇਤਾ ਪਹੁੰਚਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ।
ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲ
ਰਣਧੀਰ ਜੈਸਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਨੇਪਾਲ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਅਤੇ ਜਾਨੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਇਸ ਮੁਸ਼ਕਲ ਘੜੀ ਵਿਚ ਨੇਪਾਲ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।
73 ਭਾਰਤੀ ਬਿਜਲੀ ਪ੍ਰਾਜੈਕਟ ਵਿਚ ਕਰ ਰਹੇ ਸਨ ਕੰਮ
ਵਿਦੇਸ਼ ਮੰਤਰਾਲੇ ਮੁਤਾਬਕ ਸੰਪਰਕ ਤੋਂ ਬਾਹਰ 288 ਭਾਰਤੀ ਨਾਗਰਿਕਾਂ ਵਿਚੋਂ 73 ਤ੍ਰਿਸ਼ੂਲੀ-1 ਬਿਜਲੀ ਪ੍ਰਾਜੈਕਟ ਨਾਲ ਜੁੜੇ ਹੋਏ ਹਨ। ਕਾਠਮਾਂਡੂ ਸਥਿਤ ਭਾਰਤੀ ਦੂਤਾਵਾਸ ਵੱਲੋਂ ਪ੍ਰਾਜੈਕਟ ਦੇ ਮੁਖੀ ਨਾਲ ਸੰਪਰਕ ਕਰਕੇ ਇਨ੍ਹਾਂ ਨਾਗਰਿਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਲੋਕ ਵੀ ਸ਼ਾਮਲ
ਬੁਲਾਰੇ ਨੇ ਦੱਸਿਆ ਕਿ ਤਾਮਿਲਨਾਡੂ ਨਾਲ ਸਬੰਧਤ ਦੋ ਸਮੂਹਾਂ ਵਿਚ 37 ਅਤੇ 49 ਵਿਅਕਤੀ ਸ਼ਾਮਲ ਹਨ, ਜੋ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਸਨ। ਇਸੇ ਤਰ੍ਹਾਂ ਪੱਛਮੀ ਬੰਗਾਲ ਦੇ 32 ਭਾਰਤੀ ਨਾਗਰਿਕਾਂ ਦਾ ਇਕ ਸਮੂਹ ਰਸੂਵਾ ਜ਼ਿਲ੍ਹੇ ਦੇ ਤਿਮੂਰੇ ਗਿਆ ਸੀ।
ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ 61 ਅਤੇ ਕੇਰਲ ਦੇ 33 ਭਾਰਤੀ ਨਾਗਰਿਕਾਂ ਦਾ ਇਕ ਹੋਰ ਸਮੂਹ ਵੀ ਸੰਪਰਕ ਤੋਂ ਬਾਹਰ ਹੈ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਪੰਜ ਮੁੱਖ ਸਮੂਹਾਂ ਵਿਚ ਕੁੱਲ 288 ਲੋਕਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ।
ਵਿਦੇਸ਼ ਮੰਤਰਾਲੇ ਵਿਚ ਬਣਾਇਆ ਵਿਸ਼ੇਸ਼ ਕੰਟਰੋਲ ਰੂਮ
ਨੇਪਾਲ ਵਿਚ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਵਿਦੇਸ਼ ਮੰਤਰਾਲੇ ਵਿਚ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਰਾਹੀਂ ਨੇਪਾਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਭਾਰਤੀ ਦੂਤਾਵਾਸ ਵੀ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ।
ਨੇਪਾਲ ਨੂੰ 47.5 ਟਨ ਰਾਹਤ ਸਮੱਗਰੀ ਭੇਜੀ
ਭਾਰਤ ਵੱਲੋਂ ਹੜ੍ਹ ਪ੍ਰਭਾਵਿਤ ਨੇਪਾਲ ਲਈ ਰਾਹਤ ਸਮੱਗਰੀ ਵੀ ਭੇਜੀ ਜਾ ਰਹੀ ਹੈ। ਰਣਧੀਰ ਜੈਸਵਾਲ ਨੇ ਦੱਸਿਆ ਕਿ ਹਵਾਈ ਮਾਰਗ ਰਾਹੀਂ ਦੋ ਉਡਾਣਾਂ ਵਿਚ 8 ਟਨ ਦਵਾਈਆਂ ਅਤੇ 1 ਟਨ ਖਾਣ-ਪੀਣ ਦੀਆਂ ਵਸਤਾਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਰਾਹਤ ਤੇ ਬਚਾਅ ਕਾਰਜਾਂ ਲਈ ਹੁਣ ਤੱਕ ਕੁੱਲ 47.5 ਟਨ ਐਮਰਜੈਂਸੀ ਸਮੱਗਰੀ ਨੇਪਾਲ ਭੇਜੀ ਜਾ ਚੁੱਕੀ ਹੈ।
ਲਾਪਤਾ ਭਾਰਤੀਆਂ ਦੀ ਸਥਿਤੀ ਪਤਾ ਕਰਨ ਲਈ ਯਤਨ ਜਾਰੀ
ਵਿਦੇਸ਼ ਮੰਤਰਾਲੇ ਅਨੁਸਾਰ ਨੇਪਾਲ ਵਿਚ ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ਦੇ ਨਾਲ ਹੀ ਸੰਪਰਕ ਤੋਂ ਬਾਹਰ ਭਾਰਤੀ ਨਾਗਰਿਕਾਂ ਦੀ ਸਹੀ ਸਥਿਤੀ ਪਤਾ ਕਰਨ ਲਈ ਭਾਰਤੀ ਦੂਤਾਵਾਸ ਅਤੇ ਨੇਪਾਲੀ ਅਧਿਕਾਰੀ ਤਾਲਮੇਲ ਨਾਲ ਕੰਮ ਕਰ ਰਹੇ ਹਨ। ਸਰਕਾਰ ਦਾ ਧਿਆਨ ਲਾਪਤਾ ਭਾਰਤੀਆਂ ਤੱਕ ਪਹੁੰਚ ਬਣਾਉਣ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ’ਤੇ ਹੈ।

