ਚੰਡੀਗੜ੍ਹ :- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਗੰਭੀਰਪੁਰ ਅਤੇ ਨੰਗਲ ਸਥਿਤ ਘਰ ਹੜ੍ਹ ਪੀੜਤਾਂ ਲਈ ਹਰ ਵੇਲੇ ਖੁੱਲ੍ਹਾ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ ਰਾਹੀਂ ਦੱਸਿਆ ਕਿ ਨੰਗਲ ਵਾਲੀ ਰਿਹਾਇਸ਼ ‘ਚ ਉਨ੍ਹਾਂ ਦੀ ਟੀਮ 24 ਘੰਟੇ ਤਾਇਨਾਤ ਹੈ ਅਤੇ ਜਿਨ੍ਹਾਂ ਨੂੰ ਰਾਸ਼ਨ, ਦਵਾਈਆਂ ਜਾਂ ਹੋਰ ਸਮੱਗਰੀ ਦੀ ਲੋੜ ਹੈ, ਉਹ ਬੇਝਿਝਕ ਸੰਪਰਕ ਕਰ ਸਕਦੇ ਹਨ।
ਰਹਿਣ ਦੀ ਵੀ ਸੁਵਿਧਾ ਉਪਲਬਧ
ਹਰਜੋਤ ਬੈਂਸ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੂੰ ਰਹਿਣ ਦੀ ਲੋੜ ਹੈ, ਉਹ ਵੀ ਉਨ੍ਹਾਂ ਦੇ ਘਰ ‘ਚ ਰੁਕ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ ਰਾਹੀਂ ਆ ਰਹੀਆਂ ਕਾਲਾਂ ਦੇ ਆਧਾਰ ‘ਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਪੈਸਿਆਂ ਦੀ ਲੋੜ ਨਹੀਂ, ਦਾਨ ਸਮੱਗਰੀ ਭੇਜਣ ਦੀ ਅਪੀਲ
ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਪੈਸੇ ਜਾਂ ਨਕਦ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੇ ਗਲਤੀ ਨਾਲ 11 ਹਜ਼ਾਰ ਰੁਪਏ ਨੰਬਰ ‘ਤੇ ਭੇਜੇ ਹਨ, ਜਦਕਿ ਸਹਾਇਤਾ ਦੇ ਤੌਰ ‘ਤੇ ਭੇਜੀ ਜਾ ਰਹੀ ਰਾਹਤ ਸਮੱਗਰੀ ਨੂੰ ਨੰਗਲ ਦੇ ਵੱਖ-ਵੱਖ ਇਲਾਕਿਆਂ ਵਿੱਚ ਵੰਡਿਆ ਜਾ ਰਿਹਾ ਹੈ।
ਨੌਜਵਾਨਾਂ ਲਈ ਖਾਸ ਅਪੀਲ
ਹਰਜੋਤ ਬੈਂਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਤਿਆਰ ਕਰਨ ਤਾਂ ਜੋ ਖ਼ਰਾਬ ਮੌਸਮ ਦੇ ਚੱਲਦਿਆਂ ਕਿਸੇ ਵੀ ਵੇਲੇ ਲੋੜਵੰਦ ਲੋਕਾਂ ਤੱਕ ਇਹ ਸਮੱਗਰੀ ਪਹੁੰਚਾਈ ਜਾ ਸਕੇ।