ਚੰਡੀਗੜ੍ਹ :- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਸਵਾਈਨ ਫਲੂ (ਐੱਚ.1 ਐੱਨ.1) ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਇਰਲ ਬਿਮਾਰੀਆਂ ਦੇ ਮਾਮਲੇ ਵੀ ਵਧੇ ਹਨ। ਹਾਲਾਂਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸਥਿਤੀ ਨੂੰ ਲੈ ਕੇ ਘਬਰਾਉਣ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਹਾਲਾਤ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਥਿਤੀ ਕਾਬੂ ਹੇਠ ਹੈ।
ਜੁਲਾਈ ਤੱਕ ਹਰ ਮਹੀਨੇ ਦਹਾਈ ਤੋਂ ਘੱਟ ਰਹੇ ਮਾਮਲੇ
ਸਿਹਤ ਮੰਤਰੀ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਹਰ ਮਹੀਨੇ ਇਕ ਅੰਕ ਤੱਕ ਹੀ ਸੀ। ਇਨ੍ਹਾਂ ਵਿੱਚੋਂ ਕਿਸੇ ਵੀ ਮਹੀਨੇ 10 ਜਾਂ ਇਸ ਤੋਂ ਵੱਧ ਮਾਮਲੇ ਸਾਹਮਣੇ ਨਹੀਂ ਆਏ ਸਨ। ਇਸ ਦੇ ਮੁਕਾਬਲੇ ਅਗਸਤ ਮਹੀਨੇ ਹੁਣ ਤੱਕ ਕਰੀਬ 70 ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਹਨ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਨਿਗਰਾਨੀ ਹੋਰ ਵਧਾ ਦਿੱਤੀ ਗਈ ਹੈ।
ਨਵੇਂ ਰੂਪ ਦੀ ਪੁਸ਼ਟੀ ਨਹੀਂ, ਮਰੀਜ਼ਾਂ ਦੀ ਹਾਲਤ ਸਥਿਰ
ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਮਾਮਲਿਆਂ ਵਿੱਚ ਵਾਇਰਸ ਦੇ ਕਿਸੇ ਨਵੇਂ ਰੂਪ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਮੁਤਾਬਕ ਇਸ ਸਮੇਂ ਸਾਹਮਣੇ ਆ ਰਿਹਾ ਵਾਇਰਸ ਪਹਿਲਾਂ ਤੋਂ ਮੌਜੂਦ ਅਤੇ ਤੁਲਨਾਤਮਕ ਤੌਰ ’ਤੇ ਹਲਕੇ ਰੂਪ ਵਾਲਾ ਹੈ। ਹੁਣ ਤੱਕ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੋਣ ਜਾਂ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਦੀ ਲੋੜ ਪੈਣ ਦੀ ਜਾਣਕਾਰੀ ਨਹੀਂ ਹੈ।
ਜਾਂਚ ਤੋਂ ਬਾਅਦ ਘਰ ’ਚ ਇਲਾਜ ਦੀ ਸਲਾਹ
ਸਿਹਤ ਮੰਤਰੀ ਨੇ ਦੱਸਿਆ ਕਿ ਲੱਛਣਾਂ ਵਾਲੇ ਮਰੀਜ਼ਾਂ ਦੀ ਲੋੜ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਦਵਾਈ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਤੋਂ ਬਾਅਦ ਘਰ ਵਿੱਚ ਰਹਿ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਅਜਿਹੀ ਨਹੀਂ ਹੈ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇ।
ਮੀਂਹ ਦੇ ਮੌਸਮ ’ਚ ਵਾਇਰਲ ਬਿਮਾਰੀਆਂ ਵਧਣ ਦੀ ਸੰਭਾਵਨਾ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਮੌਸਮ ਦੌਰਾਨ ਵਧੀ ਨਮੀ ਵੀ ਵਾਇਰਲ ਬਿਮਾਰੀਆਂ ਦੇ ਫੈਲਾਅ ਦਾ ਇੱਕ ਕਾਰਨ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ, ਖਾਸ ਕਰਕੇ ਦਿੱਲੀ ਵਿੱਚ ਵੀ ਇਸ ਸਮੇਂ ਵਾਇਰਲ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਗਰਭਵਤੀ ਔਰਤਾਂ ਤੇ ਬਜ਼ੁਰਗਾਂ ਨੂੰ ਵਧੇਰੇ ਸਾਵਧਾਨੀ ਦੀ ਸਲਾਹ
ਸਿਹਤ ਮੰਤਰੀ ਨੇ ਕਿਹਾ ਕਿ ਤੰਦਰੁਸਤ ਲੋਕਾਂ ਨੂੰ ਇਸ ਸਬੰਧੀ ਖਾਸ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਗਰਭਵਤੀ ਔਰਤਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਕੈਂਸਰ ਜਾਂ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਿਆ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ।
ਸਰਕਾਰੀ ਹਸਪਤਾਲਾਂ ‘ਚ ਜਾਂਚ ਤੇ ਇਲਾਜ ਦੀ ਸਹੂਲਤ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਐੱਚ.1 ਐੱਨ.1 ਦੀ ਜਾਂਚ, ਦਵਾਈਆਂ ਅਤੇ ਇਲਾਜ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੇ ਭਰੋਸਾ ਨਾ ਕਰਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜ਼ਰੂਰੀ ਸਾਵਧਾਨੀਆਂ ਵਰਤਦਿਆਂ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਆਮ ਤਰ੍ਹਾਂ ਜਾਰੀ ਰੱਖ ਸਕਦੇ ਹਨ।

