ਜਲੰਧਰ :- ਜਲੰਧਰ ਹਾਈਟਸ ’ਚ 21 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ। ਮ੍ਰਿਤਕਾ ਦੀ ਪਛਾਣ ਮਹਿਕਪ੍ਰੀਤ ਕੌਰ ਵਜੋਂ ਹੋਈ ਹੈ।
ਇਮਾਰਤ ਤੋਂ ਹੇਠਾਂ ਡਿੱਗੀ ਲੜਕੀ
ਜਾਣਕਾਰੀ ਅਨੁਸਾਰ ਇਹ ਘਟਨਾ 22 ਅਗਸਤ ਦੀ ਦੇਰ ਸ਼ਾਮ ਵਾਪਰੀ। ਮਹਿਕਪ੍ਰੀਤ ਕੌਰ ਬੀ.ਏ. ਫਾਈਨਲ ਦੀ ਵਿਦਿਆਰਥਣ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਅਚਾਨਕ ਇਮਾਰਤ ਦੀ ਬਾਲਕਨੀ ਵਾਲੇ ਪਾਸੇ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਥਾਣਾ ਸਦਰ ਦੇ ਐੱਸ.ਐੱਚ.ਓ. ਸੁਰਿੰਦਰ ਸੂਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਨਾਲ ਜੁੜਿਆ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਪੁਲਿਸ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਮਹਿਕਪ੍ਰੀਤ ਮਾਨਸਿਕ ਤਣਾਅ ਵਿੱਚ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ।
ਮੌਕੇ ਤੋਂ ਨਹੀਂ ਮਿਲਿਆ ਕੋਈ ਖੁਦਕੁਸ਼ੀ ਨੋਟ
ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਜਾਂਚ ਦੌਰਾਨ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ, ਜਿਸ ਤੋਂ ਬਾਅਦ ਮੌਤ ਦੇ ਕਾਰਨਾਂ ਸਬੰਧੀ ਹੋਰ ਤੱਥ ਸਪੱਸ਼ਟ ਹੋਣ ਦੀ ਉਮੀਦ ਹੈ।
ਇਸੇ ਇਲਾਕੇ ’ਚ ਪਹਿਲਾਂ ਵੀ ਵਾਪਰ ਚੁੱਕੀ ਹੈ ਘਟਨਾ
ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਵਿੱਚ ਵੀ ਜਲੰਧਰ ਹਾਈਟਸ ’ਚ ਕੈਂਬਰਿਜ ਸਕੂਲ ਦੀ 14 ਸਾਲਾ ਵਿਦਿਆਰਥਣ ਭੁਵਿਕਾ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਉਸ ਮਾਮਲੇ ਵਿੱਚ ਪੁਲਿਸ ਅਤੇ ਸੀ.ਸੀ.ਟੀ.ਵੀ. ਜਾਂਚ ਦੇ ਆਧਾਰ ’ਤੇ ਖੁਦਕੁਸ਼ੀ ਦਾ ਸ਼ੱਕ ਜਤਾਇਆ ਗਿਆ ਸੀ, ਜਦਕਿ ਪਰਿਵਾਰ ਨੇ ਸਕੂਲ ਦੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਇਸ ਨੂੰ ਕਤਲ ਦੱਸਿਆ ਸੀ।

