ਚੰਡੀਗੜ੍ਹ :- 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਚਰਚਾ ਹੈ, ਪਰ ਇਸ ਦੌਰਾਨ ਸਭ ਤੋਂ ਵੱਡਾ ਸਵਾਲ ਸਕੂਲਾਂ ਨੂੰ ਲੈ ਕੇ ਬਣਿਆ ਹੋਇਆ ਹੈ। ਕੀ 21 ਅਗਸਤ ਨੂੰ ਬੱਚਿਆਂ ਨੂੰ ਸਕੂਲ ਜਾਣਾ ਪਵੇਗਾ ਜਾਂ ਛੁੱਟੀ ਰਹੇਗੀ? ਫਿਲਹਾਲ ਇਸ ਬਾਰੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਮੋਰਚੇ ਵੱਲੋਂ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਬੰਦ ਦਾ ਸੱਦਾ
ਕੌਮੀ ਇਨਸਾਫ਼ ਮੋਰਚੇ ਨੇ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੀ ਸੰਗਤ ’ਤੇ ਅਥਰੂ ਗੈਸ ਦੇ ਗੋਲੇ ਛੱਡਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਵਿਰੋਧ ਵਿੱਚ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਕਨਵੀਨਰ ਗੁਰਚਰਨ ਸਿੰਘ ਹਵਾਰਾ ਨੇ ਲੋਕਾਂ ਨੂੰ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ। ਮੋਰਚੇ ਅਨੁਸਾਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖੇ ਜਾਣਗੇ।
ਕਈ ਨਿੱਜੀ ਸਕੂਲਾਂ ਨੇ ਆਪਣੇ ਪੱਧਰ ’ਤੇ ਲਿਆ ਫੈਸਲਾ
ਸਕੂਲਾਂ ਨੂੰ ਲੈ ਕੇ ਸਥਿਤੀ ਇਸ ਲਈ ਵੀ ਦਿਲਚਸਪ ਬਣੀ ਹੋਈ ਹੈ ਕਿਉਂਕਿ ਕੁਝ ਨਿੱਜੀ ਸਕੂਲਾਂ ਨੇ ਆਪਣੇ ਪੱਧਰ ’ਤੇ 21 ਅਗਸਤ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਹ ਫੈਸਲਾ ਸਾਰੇ ਸਕੂਲਾਂ ਲਈ ਲਾਗੂ ਨਹੀਂ ਹੈ।
ਸਰਕਾਰੀ ਹੁਕਮ ਦੀ ਉਡੀਕ
ਫਿਲਹਾਲ ਪੰਜਾਬ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਕੂਲ ਬੰਦ ਰੱਖਣ ਸਬੰਧੀ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਮਾਪਿਆਂ ਵਿੱਚ ਦੁਚਿੱਤੀ ਬਣੀ ਹੋਈ ਹੈ ਕਿ ਉਹ 21 ਅਗਸਤ ਨੂੰ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਹੀਂ। ਜਦੋਂ ਤੱਕ ਸਰਕਾਰ ਵੱਲੋਂ ਕੋਈ ਸਪੱਸ਼ਟ ਹੁਕਮ ਨਹੀਂ ਆਉਂਦਾ, ਸਕੂਲਾਂ ਦੇ ਖੁੱਲ੍ਹਣ ਜਾਂ ਬੰਦ ਰਹਿਣ ਦਾ ਫੈਸਲਾ ਸਬੰਧਤ ਸਕੂਲ ਦੇ ਪੱਧਰ ’ਤੇ ਹੋ ਸਕਦਾ ਹੈ।

