ਚੰਡੀਗੜ੍ਹ :- ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਵੇਗੀ। ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਜਾਂਚ ਅਤੇ ਮੋਬਾਈਲ ਫੋਨਾਂ ਨਾਲ ਜੁੜੇ ਕਥਿਤ ਫਰਜ਼ੀ ਜੀ.ਐੱਸ.ਟੀ. ਲੈਣ-ਦੇਣ ਨਾਲ ਸਬੰਧਤ ਹੈ।
ਮਈ ’ਚ ਈ.ਡੀ. ਨੇ ਕੀਤਾ ਸੀ ਗ੍ਰਿਫ਼ਤਾਰ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਈ 2026 ਵਿੱਚ ਸੰਜੀਵ ਅਰੋੜਾ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਮੋਬਾਈਲ ਫੋਨਾਂ ਦੀ 100 ਕਰੋੜ ਰੁਪਏ ਤੋਂ ਵੱਧ ਦੀਆਂ ਕਥਿਤ ਫਰਜ਼ੀ ਜੀ.ਐੱਸ.ਟੀ. ਖਰੀਦਾਂ ਅਤੇ ਇਨ੍ਹਾਂ ਨਾਲ ਸਬੰਧਤ ਨਿਰਯਾਤ ਲੈਣ-ਦੇਣ ਰਾਹੀਂ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਅਤੇ ਮਨੀ ਲਾਂਡਰਿੰਗ ਹੋਈ।
ਜੁਲਾਈ ’ਚ ਚਾਰਜਸ਼ੀਟ ਦਾਇਰ
ਇਸ ਮਾਮਲੇ ਵਿੱਚ ਈ.ਡੀ. ਵੱਲੋਂ ਜੁਲਾਈ ਮਹੀਨੇ ਦੌਰਾਨ ਪ੍ਰੋਸੀਕਿਊਸ਼ਨ ਕੰਪਲੇਂਟ ਵੀ ਦਾਇਰ ਕੀਤੀ ਜਾ ਚੁੱਕੀ ਹੈ। ਰਿਪੋਰਟਾਂ ਅਨੁਸਾਰ ਜਾਂਚ ਏਜੰਸੀ ਨੇ ਮਾਮਲੇ ਵਿੱਚ ਕਰੀਬ 102 ਤੋਂ 103 ਕਰੋੜ ਰੁਪਏ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਦਾ ਜ਼ਿਕਰ ਕੀਤਾ ਹੈ।
ਗ੍ਰਿਫ਼ਤਾਰੀ ਤੇ ਰਿਮਾਂਡ ਨੂੰ ਵੀ ਦਿੱਤੀ ਸੀ ਚੁਣੌਤੀ
ਇਸ ਤੋਂ ਪਹਿਲਾਂ 12 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੰਜੀਵ ਅਰੋੜਾ ਵੱਲੋਂ ਆਪਣੀ ਗ੍ਰਿਫ਼ਤਾਰੀ ਅਤੇ ਈ.ਡੀ. ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਸੀ। ਸੁਣਵਾਈ ਦੌਰਾਨ ਸਬੰਧਤ ਬੈਂਚ ਨੇ ਮਾਮਲੇ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ। ਇਸ ਤੋਂ ਬਾਅਦ ਕੇਸ ਨੂੰ ਨਵੀਂ ਬੈਂਚ ਕੋਲ ਭੇਜਿਆ ਗਿਆ।
ਅੱਜ ਦੀ ਸੁਣਵਾਈ ’ਤੇ ਟਿਕੀਆਂ ਨਜ਼ਰਾਂ
ਹੁਣ ਅਦਾਲਤ ਵਿੱਚ ਅੱਜ ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਣੀ ਹੈ। ਇਸ ਦੌਰਾਨ ਅਦਾਲਤ ਵੱਲੋਂ ਜ਼ਮਾਨਤ ਸਬੰਧੀ ਕੀ ਰੁਖ ਅਪਣਾਇਆ ਜਾਂਦਾ ਹੈ, ਇਸ ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।

