ਫਰੀਦਕੋਟ :- ਫਰੀਦਕੋਟ ਦੇ ਭੋਲੋ ਵਾਲਾ ਨੇੜੇ ਰੇਲਵੇ ਫਾਟਕ ਇਲਾਕੇ ਦਾ 30 ਸਾਲਾ ਨੌਜਵਾਨ ਵਿਜੇ ਕੁਮਾਰ ਪਿਛਲੇ ਕਰੀਬ 10 ਦਿਨਾਂ ਤੋਂ ਲਾਪਤਾ ਹੈ। ਉਹ 6 ਅਗਸਤ ਦੀ ਸ਼ਾਮ ਨੂੰ ਫਰੀਦਕੋਟ ਸ਼ਹਿਰ ਵਿੱਚ ਕੱਢੇ ਗਏ ਮਾਤਾ ਰਾਣੀ ਦੇ ਝੰਡੇ ਨੂੰ ਦੇਖਣ ਲਈ ਘਰੋਂ ਇਕੱਲਾ ਗਿਆ ਸੀ, ਪਰ ਇਸ ਤੋਂ ਬਾਅਦ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਮੇਲੇ ਵਿੱਚ ਸਾਥੀਆਂ ਨਾਲ ਘੁੰਮਿਆ, ਬਾਅਦ ’ਚ ਹੋਇਆ ਲਾਪਤਾ
ਵਿਜੇ ਕੁਮਾਰ ਦੀ ਭੈਣ ਰੀਤੂ ਨੇ ਦੱਸਿਆ ਕਿ ਉਸ ਦਾ ਭਰਾ 6 ਅਗਸਤ ਨੂੰ ਸ਼ਾਮ ਕਰੀਬ ਸਾਢੇ 4 ਵਜੇ ਮਾਤਾ ਰਾਣੀ ਦਾ ਝੰਡਾ ਦੇਖਣ ਲਈ ਘਰੋਂ ਗਿਆ ਸੀ। ਪਰਿਵਾਰ ਨੇ ਰਾਤ ਕਰੀਬ 10 ਵਜੇ ਖੁਦ ਬਾਜ਼ਾਰ ਵਿੱਚ ਜਾ ਕੇ ਉਸ ਦੀ ਭਾਲ ਕੀਤੀ, ਪਰ ਕੋਈ ਜਾਣਕਾਰੀ ਨਹੀਂ ਮਿਲੀ। ਅਗਲੇ ਦਿਨ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਪਰਿਵਾਰ ਮੁਤਾਬਕ ਵਿਜੇ ਆਪਣੇ ਕੁਝ ਪੇਂਟਰ ਸਾਥੀਆਂ ਨਾਲ ਮੇਲੇ ਵਿੱਚ ਘੁੰਮਿਆ ਅਤੇ ਲੰਗਰ ਵੀ ਛਕਿਆ ਸੀ। ਸਾਥੀਆਂ ਨੇ ਪਰਿਵਾਰ ਨੂੰ ਦੱਸਿਆ ਕਿ ਕਰੀਬ ਸਾਢੇ 6 ਵਜੇ ਉਹ ਪਾਰਕ ਵਿੱਚ ਬੈਠੇ ਸਨ। ਇਸ ਤੋਂ ਬਾਅਦ ਸਾਥੀ ਆਪਣੇ ਘਰਾਂ ਨੂੰ ਚਲੇ ਗਏ, ਜਦਕਿ ਵਿਜੇ ਨੇ ਕਿਹਾ ਸੀ ਕਿ ਉਹ ਬਾਅਦ ਵਿੱਚ ਘਰ ਆ ਜਾਵੇਗਾ। ਇਸ ਤੋਂ ਬਾਅਦ ਉਹ ਘਰ ਨਹੀਂ ਪਹੁੰਚਿਆ।
ਪਰਿਵਾਰ ਨੇ ਲੋਕਾਂ ਤੋਂ ਸਹਿਯੋਗ ਮੰਗਿਆ
ਰੀਤੂ ਨੇ ਦੱਸਿਆ ਕਿ ਵਿਜੇ ਕੁਮਾਰ ਕਿਸੇ ਲੜਾਈ-ਝਗੜੇ ਵਿੱਚ ਨਹੀਂ ਸੀ ਅਤੇ ਨਾ ਹੀ ਉਸ ਦੀ ਮਾੜੀ ਸੰਗਤ ਸੀ। ਉਹ ਰੋਜ਼ਾਨਾ ਕੰਮ ’ਤੇ ਜਾਂਦਾ ਸੀ। ਪਰਿਵਾਰ ਵਿੱਚ ਦੋ ਭਰਾ ਅਤੇ ਚਾਰ ਭੈਣਾਂ ਹਨ, ਜਦਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਵਿਜੇ ਕੁਮਾਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪਰਿਵਾਰ ਜਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਵੱਲੋਂ ਨੌਜਵਾਨ ਨੂੰ ਲੱਭ ਕੇ ਘਰ ਪਹੁੰਚਾਉਣ ਵਾਲੇ ਵਿਅਕਤੀ ਨੂੰ 11 ਹਜ਼ਾਰ ਰੁਪਏ ਇਨਾਮ ਅਤੇ ਆਉਣ-ਜਾਣ ਦਾ ਕਿਰਾਇਆ ਦੇਣ ਦੀ ਗੱਲ ਵੀ ਕਹੀ ਗਈ ਹੈ।
ਪੁਲਿਸ ਵੱਲੋਂ ਭਾਲ ਜਾਰੀ
ਥਾਣਾ ਸਿਟੀ-1 ਫਰੀਦਕੋਟ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਮਾਤਾ ਊਸ਼ਾ ਰਾਣੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਦੇ ਆਧਾਰ ’ਤੇ ਵਿਜੇ ਕੁਮਾਰ ਦੀ ਗੁੰਮਸ਼ੁਦਗੀ ਸਬੰਧੀ ਇਸ਼ਤਿਹਾਰ ਜਾਰੀ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਨੌਜਵਾਨ ਨੂੰ ਜਲਦ ਲੱਭ ਕੇ ਪਰਿਵਾਰ ਦੇ ਹਵਾਲੇ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

