ਨਵੀਂ ਦਿੱਲੀ :- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸੋਮਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਦੇ ਨਾਲ-ਨਾਲ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਪੂਨਾਵਾਲਾ ਨੇ ਇਸ ਸਬੰਧੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਪੱਤਰ ਭੇਜ ਕੇ ਆਪਣਾ ਫ਼ੈਸਲਾ ਦੱਸਿਆ।
ਐਕਸ ਤੇ ਸਾਂਝਾ ਕੀਤਾ ਅਸਤੀਫ਼ਾ ਪੱਤਰ
ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਭਾਜਪਾ ਪ੍ਰਧਾਨ ਨੂੰ ਭੇਜਿਆ ਆਪਣਾ ਅਸਤੀਫ਼ਾ ਪੱਤਰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰੀ ਨਿਮਰਤਾ ਅਤੇ ਧੰਨਵਾਦ ਨਾਲ ਮੁੜ ਆਪਣਾ ਅਸਤੀਫ਼ਾ ਸੌਂਪਿਆ ਹੈ ਅਤੇ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕੀਤੀ ਹੈ।
ਪੂਨਾਵਾਲਾ ਨੇ ਕਿਹਾ ਕਿ ਭਾਜਪਾ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਰਗਦਰਸ਼ਨ, ਸਨਮਾਨ ਅਤੇ ਮੌਕੇ ਲਈ ਉਹ ਹਮੇਸ਼ਾ ਧੰਨਵਾਦੀ ਰਹਿਣਗੇ।
ਪਸਮਾਂਦਾ ਮੁਸਲਿਮ ਨੌਜਵਾਨ ਵਜੋਂ ਮਿਲੇ ਮੌਕੇ ਦਾ ਕੀਤਾ ਜ਼ਿਕਰ
ਆਪਣੇ ਪੱਤਰ ਵਿੱਚ ਪੂਨਾਵਾਲਾ ਨੇ ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਨੌਜਵਾਨ ਪਸਮਾਂਦਾ ਮੁਸਲਿਮ ਅਤੇ ਬਿਨਾਂ ਸਿਆਸੀ ਪਰਿਵਾਰਕ ਪਿਛੋਕੜ ਵਾਲੇ ਵਿਅਕਤੀ ਵਜੋਂ ਉਨ੍ਹਾਂ ਨੂੰ ਭਾਜਪਾ ਵਿੱਚ ਮਿਲਿਆ ਮੌਕਾ ਮਹੱਤਵਪੂਰਨ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਉਹ ਪਾਰਟੀ ਅਤੇ ਰਾਸ਼ਟਰੀ ਬੁਲਾਰੇ ਦੀ ਜ਼ਿੰਮੇਵਾਰੀ ਤੋਂ ਵੱਖ ਹੋ ਰਹੇ ਹਨ, ਪਰ ਵਿਕਸਿਤ ਭਾਰਤ ਅਤੇ ‘ਮੇਕ ਇੰਡੀਆ ਗ੍ਰੇਟ ਅਗੇਨ’ ਦੇ ਆਪਣੇ ਮਿਸ਼ਨ ਅਤੇ ਵਿਚਾਰਧਾਰਾ ਨੂੰ ਅੱਗੇ ਵੀ ਜਾਰੀ ਰੱਖਣਗੇ।
30 ਜੁਲਾਈ ਨੂੰ ਵੀ ਦਿੱਤਾ ਸੀ ਅਸਤੀਫ਼ਾ
ਪੂਨਾਵਾਲਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ 30 ਜੁਲਾਈ ਨੂੰ ਵੀ ਭਾਜਪਾ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਚੁੱਕੇ ਸਨ। ਉਨ੍ਹਾਂ ਮੁਤਾਬਕ ਉਸ ਸਮੇਂ ਉਨ੍ਹਾਂ ਨੇ ਆਰਥਿਕ ਅਤੇ ਨਿੱਜੀ ਹਾਲਾਤਾਂ ਨੂੰ ਇਸ ਫ਼ੈਸਲੇ ਦਾ ਕਾਰਨ ਦੱਸਿਆ ਸੀ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਉਸ ਸਮੇਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਅਤੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਪੂਨਾਵਾਲਾ ਨੇ ਦੱਸਿਆ ਕਿ ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ ਹੁਣ ਉਨ੍ਹਾਂ ਨੇ ਪਾਰਟੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।
ਨਿੱਜੀ ਖੇਤਰ ’ਚ ਜਾਣ ਦੀ ਗੱਲ ਕਹੀ
ਪੂਨਾਵਾਲਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਉਹ ਬਹੁਤ ਜ਼ਰੂਰੀ ਆਰਥਿਕ ਅਤੇ ਨਿੱਜੀ ਕਾਰਨਾਂ ਕਰਕੇ ਨਿੱਜੀ ਖੇਤਰ ਵਿੱਚ ਜਾਣ ਦਾ ਫ਼ੈਸਲਾ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੀ ਵਿਵਸਥਾ ਤੋਂ ਵੱਖ ਹੋਣ ਦੇ ਬਾਵਜੂਦ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਵਿਜ਼ਨ ਅਤੇ ਕੰਮਾਂ ਦਾ ਜਿੱਥੇ ਵੀ ਸੰਭਵ ਹੋਵੇਗਾ, ਸਮਰਥਨ ਕਰਦੇ ਰਹਿਣਗੇ।

ਐਕਸ ਪ੍ਰੋਫਾਈਲ ਤੋਂ ਭਾਜਪਾ ਦਾ ਜ਼ਿਕਰ ਹਟਾਉਣ ਮਗਰੋਂ ਤੇਜ਼ ਹੋਈਆਂ ਸਨ ਚਰਚਾਵਾਂ
ਸ਼ਹਿਜ਼ਾਦ ਪੂਨਾਵਾਲਾ ਵੱਲੋਂ ਅਸਤੀਫ਼ੇ ਦੇ ਐਲਾਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਭਾਜਪਾ ਛੱਡਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਐਕਸ ਪ੍ਰੋਫਾਈਲ ਦੇ ਵੇਰਵੇ ਵਿੱਚੋਂ ਭਾਜਪਾ ਦਾ ਜ਼ਿਕਰ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਾਰਟੀ ਤੋਂ ਵੱਖ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਸਨ। ਹੁਣ ਪੂਨਾਵਾਲਾ ਨੇ ਅਧਿਕਾਰਤ ਤੌਰ ’ਤੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।

